ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਇਕੱਤਰਤਾ ਕੋਸੋ ਹਾਲ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਸਭਾ ਦੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਸਰਬਜੀਤ ਕੌਰ ਉੱਪਲ ਤੇ ਗੁਰਮੀਤ ਕੌਰ ਸਮਰਾ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੀ ਸਮੁੱਚੀ ਕਾਰਵਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸੀ।
ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਚਮਕੌਰ ਦੀ ਲੜਾਈ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸਰਹੰਦ ਦੀ ਦੀਵਾਰ ਵਿੱਚ ਚਿਣੇ ਜਾਣ ਵਾਲੀ ਗਾਥਾ ਨੂੰ ਆਪਣੇ ਭਾਵੁਕ ਅੰਦਾਜ਼ ਵਿੱਚ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਇਲਾਵਾ ਸਭਾ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਚੜ੍ਹਦੇ ਤੇ ਲਹਿੰਦੇ ਦੋਵਾਂ ਪੰਜਾਬਾਂ ਦੇ ਸਾਂਝੇ ਸ਼ਾਇਰ ਅਹਿਮਦ ਸਲੀਮ ਅਤੇ ਭਾਰਤ ਦੇ ਨਾਮੀ ਚਿੱਤਰਕਾਰ ਇਮਰੋਜ਼ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਤੱਗੜ, ਪ੍ਰਸ਼ੋਤਮ ਭਰਦਵਾਜ, ਮਨਜੀਤ ਬਰਾੜ, ਸਰਬਜੀਤ ਕੌਰ ਉੱਪਲ, ਮੰਗਲ ਚੱਠਾ ਤੇ ਬਲਬੀਰ ਗੋਰਾ ਨੇ ਭਾਗ ਲਿਆ। ਬਲਬੀਰ ਗੋਰਾ ਨੇ ਆਪਣੀ ਬੁਲੰਦ ਆਵਾਜ਼ ਵਿੱਚ ਇੱਕ ਗੀਤ ਸੁਣਾਇਆ। ਗੀਤ ਦੇ ਬੋਲ ਸਨ:
ਦੋ ਚਿੱਤੀ ਵਿੱਚ ਫਸ ਕੇ ਐਵੇਂ ਜਾਂਦੇ ਜੂਨ ਗੁਜ਼ਾਰੀ
ਦੇਸ਼ੋਂ ਤਾਂ ਪ੍ਰਦੇਸ਼ ਆਉਣ ਲਈ ਕਰੀਆਂ ਨਿੱਤ ਅਰਦਾਸਾਂ
ਪੁੱਤ ਭੇਜ ਕੇ ਟੱਬਰ ਸਾਰੇ ਨੇ ਲਾ ਲਈਆਂ ਸੀ ਆਸਾਂ
ਓਸ ਵੇਲੇ ਕਿਉਂ ਯਾਦ ਆਈ ਨਾ
ਪਿੰਡ ਵਿਚਲੀ ਸਰਦਾਰੀ
ਇਸ ਤੋਂ ਇਲਾਵਾ ਸੁਰਿੰਦਰ ਢਿੱਲੋਂ ਨੇ ਭਾਵੁਕ ਗੀਤ ਸੁਣਾਇਆ:
ਚੱਲ ਚਲੀਏ
ਜਾਤਾਂ ਦੇ ਬਟਵਾਰਿਆਂ ਤੋਂ ਪਰੇ
ਬਾਰਡਰ ਦੀਆਂ ਤਾਰਾਂ ਤੋਂ ਪਰੇ
ਰੱਬ ਦੇ ਲਾਰਿਆਂ ਤੋਂ ਪਰੇ
ਰੋਟੀ ਦੀਆਂ ਕਤਾਰਾਂ ਤੋਂ ਪਰੇ
ਨਾ ਕੋਈ ਲਕੀਰ ਜਿੱਥੇ
ਨਾ ਕੋਈ ਜਾਗੀਰ ਜਿੱਥੇ
ਵੱਸਦੇ ਨੇ ਪੀਰ ਜਿੱਥੇ
ਚੱਲ ਚੱਲੀਏ ਚੱਲ ਚੱਲੀਏ।
ਵਿਚਾਰ ਵਟਾਂਦਰੇ ਵਿੱਚ ਦਿਲਾਵਰ ਸਿੰਘ ਸਮਰਾ, ਜਸਵੰਤ ਸਿੰਘ ਕਪੂਰ ਅਤੇ ਜਗਦੇਵ ਸਿੱਧੂ ਨੇ ਆਪਣੇ ਵਿਚਾਰਾਂ ਨਾਲ ਵਡਮੁੱਲਾ ਯੋਗਦਾਨ ਪਾਇਆ। ਅੰਤ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਸਭ ਦਾ ਧੰਨਵਾਦ ਕੀਤਾ ਅਤੇ ‘ਛੋਟੀਆਂ ਜਿੰਦਾਂ ਵੱਡੇ ਸਾਕੇ’ ਸਿਰਲੇਖ ਹੇਠ ਲਿਖੀ ਆਪਣੀ ਕਵਿਤਾ ਸੁਣਾਈ। ਮਨਮੋਹਨ ਬਾਠ, ਅਵਤਾਰ ਕੌਰ ਤੱਗੜ ਅਤੇ ਮਨਜੀਤ ਕੌਰ ਖਹਿਰਾ ਅਤੇ ਸੁਖਦਰਸ਼ਨ ਸਿੰਘ ਜੱਸਲ ਨੇ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ