ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 3 ਜਨਵਰੀ
ਇੱਥੋਂ ਨੇੜਲੇ ਪਿੰਡ ਫੱਤਣਵਾਲਾ ਅਤੇ ਕਾਲਾ ਸਿੰਘ ਵਾਲਾ ਨੂੰ ਮਿਲਾਉਣ ਵਾਲਾ ਇੱਕੋ-ਇੱਕੋ ਪੁਲ ਅੰਤਾਂ ਦਾ ਖਸਤਾ ਹਾਲ ਹੈ| ਸੰਨ 1927 ਵਿੱਚ ਬਣੇ ਇਸ ਪੁੱਲ ਨੂੰ ਪ੍ਰਸ਼ਾਸਨ ਨੇ ਕਰੀਬ 6 ਸਾਲ ਪਹਿਲਾਂ ਖਸਤਾ ਹਾਲ ਕਰਾਰ ਦੇ ਦਿੱਤਾ ਸੀ ਜਿਸਦਾ ਕਾਫੀ ਹਿੱਸਾ ਢਹਿ ਗਿਆ ਹੈ ਪਰ ਫਿਰ ਵੀ ਲੋਕ ਇਸ ਉਪਰੋਂ ਟਰੈਕਟਰ-ਟਰਾਲੀਆਂ ਲੈ ਕੇ ਲੰਘ ਰਹੇ ਹਨ, ਕਿਉਂਕਿ ਆਵਾਜਾਈ ਲਈ ਹੋਰ ਕੋਈ ਰਸਤਾ ਨਹੀਂ ਹੈ| ਲੋਕਾਂ ਦਾ ਕਹਿਣਾ ਹੈ ਕਿ ਮੁਕਤਸਰ ਅਤੇ ਗੁਰੂ ਹਰ ਸਹਾਏ ਆਉਣ-ਜਾਣ ਲਈ ਇਹੋ ਇਕੋ-ਇੱਕ ਰਸਤਾ ਹੈ| ਇਸ ਸਬੰਧੀ ਪਿੰਡ ਫੱਤਣਵਾਲਾ ਦੇ ਵਾਸੀ ਤੇ ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ, ਰਾਜਵਿੰਦਰ ਸਿੰਘ, ਗੁਰਭੇਜ ਸਿੰਘ, ਗਰਵਿੰਦਰ ਸਿੰਘ, ਲਖਵੀਰ ਸਿੰਘ, ਜਿੰਮੀ ਬਰਾੜ ਤੇ ਹੋਰ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁੱਲ ਈਸਟਰਲ ਕੈਨਾਲ ਉਪਰ ਬਣਿਆ ਹੈ ਜੋ ਲੰਬੇ ਸਮੇਂ ਤੋਂ ਖਸਤਾ ਹਾਲ ਹੈ ਤੇ ਕਿਸੇ ਸਮੇਂ ਢਹਿ-ਢੇਰੀ ਹੋ ਸਕਦਾ ਹੈ| ਇਸ ਪੁਲ ਦੇ ਵਿਚਕਾਰ ਮੋਰੇ ਹੋ ਗਏ ਹਨ ਜਦਕਿ ਗਰਿੱਲਾਂ ਵੀ ਟੁੱਟ ਗਈਆਂ ਹਨ| ਉਹ ਲੰਬੇ ਸਮੇਂ ਤੋਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਪੁਲ ਦੇ ਨਿਰਮਾਣ ਸਬੰਧੀ ਮੰਗ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਇਹ ਪੁਲ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ|