ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਦਸੰਬਰ
ਸਥਾਨਕ ਹਵਾਈ ਅੱਡੇ ਤੋਂ ਕਸਟਮ ਵਿਭਾਗ ਨੇ ਸ਼ਾਰਜਾਹ ਤੋਂ ਆਈ ਇੱਕ ਹਵਾਈ ਉਡਾਣ ਵਿੱਚੋਂ ਲਗਭਗ ਡੇਢ ਕਿਲੋ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ 93 ਲੱਖ 71 ਹਜ਼ਾਰ ਰੁਪਏ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਗੋ ਹਵਾਈ ਕੰਪਨੀ ਦੀ ਇਹ ਉਡਾਨ ਸ਼ਾਮ ਵੇਲੇ ਲਗਭਗ ਸਾਢੇ ਸੱਤ ਵਜੇ ਸ਼ਾਰਜਾਹ ਤੋਂ ਇੱਥੇ ਹਵਾਈ ਅੱਡੇ ’ਤੇ ਪੁੱਜੀ ਸੀ। ਜਦੋਂ ਹਵਾਈ ਜਹਾਜ਼ ਦੀ ਸਫਾਈ ਅਤੇ ਜਾਂਚ ਕੀਤੀ ਜਾ ਰਹੀ ਤਾਂ ਇਸ ਦੀ ਸੀਟ ਦੇ ਹੇਠੋਂ ਸੋਨੇ ਦੇ ਦੋ ਵੱਡੇ ਬਿਸਕੁਟ ਬਰਾਮਦ ਹੋਏ ਹਨ ਜਿਸ ਉੱਪਰ ਸੂਈਸੇ ਉਕਰਿਆ ਹੋਇਆ ਹੈ। ਇਸ ਨੂੰ ਕਾਰਬਨ ਪੇਪਰ ਵਿੱਚ ਲਪੇਟਿਆ ਹੋਇਆ ਸੀ ਅਤੇ ਇਸ ਦੇ ਉੱਪਰ ਟੇਪ ਲਾ ਕੇ ਇਸ ਨੂੰ ਬੰਦ ਕੀਤਾ ਹੋਇਆ ਸੀ ਜਿਸ ਦਾ ਕੁੱਲ ਵਜ਼ਨ 1499.50 ਗ੍ਰਾਮ ਹੈ। ਇਸ ਦੀ ਬਾਜ਼ਾਰ ਵਿੱਚ ਕੀਮਤ 93 ਲੱਖ 71,875 ਰੁਪਏ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਦੀ ਧਾਰਾ 110 ਹੇਠ ਇਹ ਸੋਨਾ ਜ਼ਬਤ ਕਰ ਲਿਆ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।