ਨਵੀਂ ਦਿੱਲੀ, 4 ਜਨਵਰੀ
ਇਜ਼ਰਾਇਲੀ ਦੂਤਾਵਾਸ ਨੇੜੇ ਧਮਾਕੇ ਤੋਂ ਕੁਝ ਦਿਨ ਬਾਅਦ ਦਿੱਲੀ ਪੁਲੀਸ ਨੇ ਜਾਮੀਆ ਮਿਲੀਆ ਇਸਲਾਮੀਆ ਨੂੰ ਪੱਤਰ ਲਿਖ ਕੇ ਯੂਨੀਵਰਸਿਟੀ ਦੀਆਂ ਕੰਧਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਹੱਈਆ ਕਰਨ ਲਈ ਕਿਹਾ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਨੂੰ ਸ਼ੱਕ ਹੈ ਕਿ ਘਟਨਾ ਤੋਂ ਦੋ ਘੰਟੇ ਪਹਿਲਾਂ ਪ੍ਰਿਥਵੀਰਾਜ ਰੋਡ ’ਤੇ ਧਮਾਕੇ ਵਾਲੀ ਥਾਂ ’ਤੇ ਜਾਣ ਵਾਲੇ ਲੋਕਾਂ ’ਚੋਂ ਇੱਕ ਵਿਅਕਤੀ ਦੱਖਣੀ-ਪੂਰਬੀ ਦਿੱਲੀ ਦੇ ਜਾਮੀਆ ਨਗਰ ਤੋਂ ਆਇਆ ਸੀ ਅਤੇ ਉਹ ਜਾਮੀਆ ਮਿਲੀਆ ਇਸਲਾਮੀਆ ਮੈਟਰੋ ਰੇਲਵੇ ਸਟੇਸ਼ਨ ਨੇੜੇ ਆਟੋ-ਰਿਕਸ਼ਾ ’ਚ ਸਵਾਰ ਹੋਇਆ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, ‘ਯੂਨੀਵਰਸਿਟੀ ਨੂੰ ਪੱਤਰ ਲਿਖਿਆ ਗਿਆ ਹੈ ਕਿਉਂਕਿ ਯੂਨੀਵਰਸਿਟੀ ਦੀਆਂ ਕੰਧਾਂ ’ਤੇ ਕਈ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਇਨ੍ਹਾਂ ਕੈਮਰਿਆਂ ਦਾ ਮੂੰਹ ਓਖਲਾ ਰੋਡ ਵੱਲ ਹੈ ਜਿੱਥੋਂ ਧਮਾਕੇ ਦਾ ਇੱਕ ਮਸ਼ਕੂਕ ਆਟੋ-ਰਿਕਸ਼ਾ ’ਚ ਸਵਾਰ ਹੋਇਆ ਸੀ।’ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਮੁੱਖ ਮਸ਼ਕੂਕ ਮੰਨਿਆ ਜਾ ਰਿਹਾ ਹੈ ਜਿਸ ਨੇ 26 ਦਸੰਬਰ ਨੂੰ ਇਜ਼ਰਾਇਲੀ ਦੂਤਾਵਾਸ ਨੇੜੇ ਬੰਬ ਰੱਖਿਆ ਸੀ। ਉਸ ਦੀ ਹਾਲਾਂਕਿ ਪਛਾਣ ਨਹੀਂ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਪੁਲੀਸ ਪਹਿਲਾਂ ਹੀ ਆਟੋ-ਰਿਕਸ਼ਾ ਚਾਲਕ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ। ਪੁਲੀਸ ਨੂੰ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਘਟਨਾ ਸਥਾਨ ’ਤੇ ਜਾਣ ਮਗਰੋਂ ਮਸ਼ਕੂਕ ਇੰਡੀਆ ਗੇਟ ਵੱਲ ਚਲਾ ਗਿਆ। ਸੂਤਰਾਂ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਨਮੂਨੇ ਇਕੱਤਰ ਕਰਨ ਵਾਲੀ ਐੱਨਐੱਸਜੀ ਨੇ ਦਿੱਲੀ ਪੁਲੀਸ ਨੂੰ ਦੱਸਿਆ ਕਿ ਇਹ ਆਈਈਡੀ ਧਮਾਕਾ ਨਹੀਂ ਸੀ ਬਲਕਿ ਇਹ ਦੇਸੀ ਬੰਬ ਹੋ ਸਕਦਾ ਹੈ। ਇਸ ਦੀ ਰਿਪੋਰਟ ਹਾਲਾਂਕਿ ਨਹੀਂ ਸੌਂਪੀ ਗਈ ਹੈ। -ਪੀਟੀਆਈ