ਕੁਲਦੀਪ ਸਿੰਘ
ਚੰਡੀਗੜ੍ਹ, 4 ਜਨਵਰੀ
ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ)-16, ਚੰਡੀਗੜ੍ਹ ਵਿੱਚ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਦਾ ਉਦਘਾਟਨ ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਕ ਦੇ ਆਈਏਐੱਸ ਸਲਾਹਕਾਰ ਡਾ. ਵਿਜੈ ਨਾਮਦੇਵਰਾਓ ਜ਼ਾਦੇ ਅਤੇ ਸਕੱਤਰ ਸਿਹਤ ਅਜੈ ਚਗਤੀ ਆਈਏਐੱਸ ਵੀ ਹਾਜ਼ਰ ਸਨ।ਉਦਘਾਟਨੀ ਸਮਾਗਮ ’ਚ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ-ਕਮ-ਮਿਸ਼ਨ ਡਾਇਰੈਕਟਰ (ਐੱਨਐੱਚਐੱਮ) ਡਾ. ਸੁਮਨ ਸਿੰਘ, ਚੀਫ ਆਰਕੀਟੈਕਟ ਕਪਿਲ ਸੇਤੀਆ, ਚੀਫ਼ ਇੰਜਨੀਅਰ ਸੀਬੀ ਓਝਾ ਅਤੇ ਜੀਐੱਮਐੱਸਐਚ-16 ਤੋਂ ਮੈਡੀਕਲ ਸੁਪਰਡੈਂਟ ਡਾ. ਵੀਕੇ ਨਾਗਪਾਲ ਸਮੇਤ ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸਿਹਤ ਸੰਭਾਲ ਪੇਸ਼ੇਵਰ ਵੀ ਹਾਜ਼ਰ ਸਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ 32 ਬਿਸਤਰਿਆਂ ਵਾਲੇ ਬਾਲ ਚਿਕਿਤਸਕ ਕੇਅਰ ਯੂਨਿਟ ਦੇ ਰੂਪ ਵਿੱਚ ਸਥਾਪਤ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਨੂੰ ਐਮਰਜੈਂਸੀ ਕੋਵਿਡ-19 ਰਿਸਪਾਂਸ ਐਂਡ ਹੈਲਥ ਸਿਸਟਮ ਪ੍ਰੀਪੇਅਰਡਨੈਸ ਪੈਕੇਜ- ਫੇਜ਼-2 (ਈਸੀਆਰਪੀ- ਫੇਜ਼-2) ਦੇ ਤਹਿਤ ਭਾਰਤ ਸਰਕਾਰ ਤੋਂ ਮਨਜ਼ੂਰੀ ਮਿਲੀ ਹੈ। ਭਾਰਤ ਸਰਕਾਰ ਵੱਲੋਂ ਇਸ ਬੁਨਿਆਦੀ ਢਾਂਚੇ ਦੀ ਤਿਆਰੀ ਅਤੇ ਪੀਡੀਆਟ੍ਰਿਕ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਲਈ 225 ਲੱਖ ਰੁਪਏ ਅਲਾਟ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਐਡਵਾਂਸਡ ਪੀਡੀਆਟ੍ਰਿਕ ਸੈਂਟਰ (ਏਪੀਸੀ) ਦਾ ਉਦੇਸ਼ ਬਾਲ ਰੋਗੀਆਂ ਨੂੰ ਉੱਚ-ਗੁਣਵੱਤਾ, ਅਤਿ-ਆਧੁਨਿਕ ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਨਾ ਹੈ। ਇਸ ਵਿੱਚ 12 ਬਿਸਤਰਿਆਂ ਵਾਲੀ ਹਾਈਬ੍ਰਿਡ ਆਈਸੀਯੂ ਯੂਨਿਟ ਵੀ ਹੈ, ਜਿਸ ਵਿੱਚ 4 ਵੈਂਟੀਲੇਟਰ ਬੈੱਡ ਅਤੇ 8 ਹਾਈ ਡਿਪੈਂਡੈਂਸੀ ਯੂਨਿਟ (ਐੱਚਡੀਯੂ) ਬੈੱਡ ਸ਼ਾਮਲ ਹਨ। ਇਸ ਤੋਂ ਇਲਾਵਾ ਕੇਂਦਰ ਵਿੱਚ 20 ਆਕਸੀਜਨ-ਸਮਰਥਿਤ ਬਿਸਤਰਿਆਂ ਸਣੇ ਈਈਜੀ, ਈਕੋਕਾਰਡੀਓਗ੍ਰਾਫੀ ਅਤੇ ਅਲਟਰਾਸੋਨੋਗ੍ਰਾਫੀ ਵਰਗੀਆਂ ਸੇਵਾਵਾਂ ਸ਼ਾਮਲ ਹਨ। ਗੰਭੀਰ ਮਰੀਜ਼ਾਂ ਦੇ ਪ੍ਰਬੰਧਨ ਲਈ ਐਕਸ-ਰੇਅ, ਈਸੀਜੀ, ਸੈਂਪਲ ਇਕੱਠੇ ਕਰਨਾ, ਫਾਰਮੇਸੀ, ਖੂਨ ਚੜ੍ਹਾਉਣਾ, ਨੇਬੂਲਾਈਜ਼ੇਸ਼ਨ ਆਦਿ ਵਰਗੀਆਂ ਸੇਵਾਵਾਂ ਚੌਵੀ ਘੰਟੇ ਉਪਲਬਧ ਹਨ। ਪੀਜੀਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਟੈਲੀ-ਕੰਸਲਟੇਸ਼ਨ ਸੇਵਾਵਾਂ ਪ੍ਰਦਾਨ ਵੀ ਕੀਤੀਆਂ ਜਾਂਦੀਆਂ ਹਨ।