ਜਗਮੋਹਨ ਸਿੰਘ
ਰੂਪਨਗਰ/ਘਨੌਲੀ, 5 ਜਨਵਰੀ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵੱਲੋਂ ਪਲਾਂਟ ਦੇ ਬੁਆਇਲਰ ਅਤੇ ਹੋਰ ਉਪਕਰਨਾਂ ਨੂੰ ਠੰਢਾ ਕਰਨ ਲਈ ਵਰਤਿਆ ਜਾਣ ਵਾਲਾ ਪਾਣੀ ਪਿਛਲੇ ਲੰਬੇ ਸਮੇਂ ਤੋਂ ਸਿਰਸਾ ਨਦੀ ਵੱਲ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀ ਜ਼ਮੀਨ ਵੱਲ ਸੁੱਟਿਆ ਜਾ ਰਿਹਾ ਹੈ। ਪਿੰਡ ਕੋਟਬਾਲਾ ਦੇ ਸਰਪੰਚ ਹਰਭਜਨ ਸਿੰਘ, ਪਿੰਡ ਆਸਪੁਰ ਦੇ ਸਰਪੰਚ ਰਣਬੀਰ ਸਿੰਘ, ਨੰਬਰਦਾਰ ਬਚਿੱਤਰ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ ਕੋਟਬਾਲਾ ਤੇ ਕਿਸਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਥਰਮਲ ਪ੍ਰਸ਼ਾਸਨ ਵੱਲੋਂ ਨਾ ਤਾਂ ਪਾਣੀ ਸੁੱਟਣ ਲਈ ਲੋੜੀਂਦੀ ਜ਼ਮੀਨ ਗ੍ਰਹਿਣ ਕੀਤੀ ਗਈ ਹੈ ਅਤੇ ਨਾ ਹੀ ਵਰਤੀ ਜਾ ਰਹੀ ਜ਼ਮੀਨ ਦਾ ਕਦੇ ਕਿਸੇ ਕਿਸਾਨ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਰਮਲ ਦੇ ਇਸ ਗਰਮ ਪਾਣੀ ਕਾਰਨ ਲੋਕਾਂ ਦੀ ਉਪਜਾਊ ਜ਼ਮੀਨ ਨੂੰ ਢਾਹ ਲੱਗਦੀ ਰਹਿੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਕਿਸਾਨ ਮਨਿੰਦਰ ਸਿੰਘ ਦੀ ਕਾਫੀ ਜ਼ਮੀਨ ਤਾਂ ਇੱਕ ਤਰ੍ਹਾਂ ਦਾ ਟਾਪੂ ਬਣ ਚੁੱਕੀ ਹੈ। ਇਸ ਜ਼ਮੀਨ ਦੇ ਇੱਕ ਪਾਸੇ ਸਿਰਸਾ ਨਦੀ ਪੈਂਦੀ ਹੈ ਅਤੇ ਦੂਜੇ ਪਾਸੇ ਥਰਮਲ ਪਲਾਂਟ ਦਾ ਗਰਮ ਪਾਣੀ ਵਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਨੂੰ ਆਪਣੀ ਜ਼ਮੀਨ ਵਿੱਚ ਆਉਣ-ਜਾਣ ਲਈ ਆਪਣੇ ਖਰਚੇ ’ਤੇ ਬਾਸਾਂ ਦਾ ਆਰਜ਼ੀ ਪੁਲ ਬਣਾਉਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਥਰਮਲ ਪ੍ਰਸ਼ਾਸਨ ਵੱਲੋਂ ਮਾਈਕਰੋਹਾਈਡਲ ਚੈਨਲ `ਨਹਿਰ ਦਾ ਨਿਰਮਾਣ ਕਰਨ ਮਗਰੋਂ ਲੋਕਾਂ ਨੂੰ ਕੁੱਝ ਰਾਹਤ ਮਿਲੀ ਸੀ, ਪਰ ਇਸ ਨਹਿਰ ਵਿੱਚ ਵਾਰ-ਵਾਰ ਨੁਕਸ ਪੈਣ ਕਾਰਨ ਥਰਮਲ ਪ੍ਰਸ਼ਾਸਨ ਜਦੋਂ ਮਰਜ਼ੀ ਚਾਹੇ ਇਸ ਪਾਸੇ ਨੂੰ ਨਹਿਰ ਦੇ ਗੇਟ ਖੋਲ੍ਹ ਕੇ ਜ਼ਮੀਨ ਵਿੱਚ ਉਗਾਈਆਂ ਫਸਲਾਂ ਨੂੰ ਰੋੜ੍ਹ ਦਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਥਰਮਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਥਰਮਲ ਪ੍ਰਸ਼ਾਸਨ ਸਤਲੁਜ ਦਰਿਆ ਤੱਕ ਜ਼ਮੀਨ ਗ੍ਰਹਿਣ ਕਰ ਕੇ ਆਰਜ਼ੀ ਨਹਿਰ ਬਣਾਏ ਜਾਂ ਫਿਰ ਨਹਿਰ ਟੁੱਟਣ ਦੀ ਸੂਰਤ ਵਿੱਚ ਇੱਧਰ ਨੂੰ ਪਾਣੀ ਸੁੱਟਣ ਦੀ ਥਾਂ ਭਾਖੜਾ ਨਹਿਰ ਤੋਂ ਪਾਣੀ ਦੀ ਸਪਲਾਈ ਬੰਦ ਕਰੇ।
ਕਿਸਾਨਾਂ ਦੀ ਦਰਖ਼ਾਸਤ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ: ਮੁੱਖ ਇੰਜਨੀਅਰ
ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਤਾਂ ਹਾਲੇ ਕੁੱਝ ਦਿਨ ਪਹਿਲਾਂ ਹੀ ਥਰਮਲ ਪਲਾਂਟ ਰੂਪਨਗਰ ਵਿੱਚ ਜੁਆਇਨ ਕੀਤਾ ਹੈ, ਇਸ ਕਰ ਕੇ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਲਿਖਤੀ ਦਰਖਾਸਤ ਮਿਲਣ ’ਤੇ ਉਨ੍ਹਾਂ ਦੀ ਇਹ ਮੰਗ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ।