ਸਤਵਿੰਦਰ ਬਸਰਾ
ਲੁਧਿਆਣਾ, 5 ਜਨਵਰੀ
ਹੌਜਰੀ ਸਨਅਤ ਦੇ ਧੁਰੇ ਲੁਧਿਆਣਾ ਵਿੱਚ ਠੰਢ ਖਾਸੀ ਵਧ ਗਈ ਹੈ। ਸ਼ੁੱਕਰਵਾਰ ਵੀ ਸਾਰਾ ਦਿਨ ਸੀਤ ਲਹਿਰ ਚੱਲਣ ਕਰਕੇ ਜ਼ਿਆਦਾਤਰ ਲੋਕ ਘਰਾਂ ਅੰਦਰ ਹੀ ਰਹੇ। ਪੀਏਯੂ ਦੇ ਮੌਸਮ ਮਾਹਿਰਾਂ ਅਨੁਸਾਰ ਅਜੇ ਆਉਂਦੇ 24 ਘੰਟੇ ਵੀ ਠੰਢੀਆਂ ਹਵਾਵਾਂ ਚੱਲਣ ਅਤੇ ਧੁੰਦ ਪੈਣ ਦੀ ਸੰਭਾਵਨਾ ਬਣੀ ਹੋਈ ਹੈ।
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਠੰਢ ਲਗਾਤਾਰ ਰਿਕਾਰਡ ਤੋੜ ਰਹੀ ਹੈ। ਅੱਜ ਦੁਪਹਿਰ ਸਮੇਂ ਭਾਵੇਂ ਸੂਰਜ ਦੀ ਥੋੜ੍ਹੀ ਚਮਕ ਦਿਖਾਈ ਦਿੱਤੀ ਪਰ ਬਰਫੀਲੀ ਹਵਾ ਕਰਕੇ ਇਸ ਚਮਕ ਨੇ ਵੀ ਲੁਧਿਆਣਵੀਆਂ ਨੂੰ ਠੰਢ ਤੋਂ ਕੋਈ ਰਾਹਤ ਨਹੀਂ ਦਿੱਤੀ। ਜੇਕਰ ਪੀਏਯੂ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ’ਤੇ ਝਾਤੀ ਮਾਰੀਏ ਤਾਂ ਅੱਜ ਵੀ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਆਉਂਦੇ 24 ਘੰਟਿਆਂ ਦੌਰਾਨ ਲੁਧਿਆਣਾਂ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣ ਦੇ ਨਾਲ ਨਾਲ ਠੰਢੀਆਂ ਹਵਾਵਾਂ ਚਲਦੀਆਂ ਰਹਿ ਸਕਦੀਆਂ ਹਨ। ਉੱਧਰ ਇਸ ਠੰਢ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ।
ਪਿਛਲੇ ਕਰੀਬ 4-5 ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਕਰਕੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਦੂਜੇ ਪਾਸੇ ਲੋਹੜੀ ਦੇ ਤਿਓਹਾਰ ਨੂੰ ਲੈ ਕੇ ਭਾਵੇਂ ਬਾਜ਼ਾਰਾਂ ਵਿੱਚ ਦੁਕਾਨਾਂ ਸਜੀਆਂ ਹੋਈਆਂ ਹਨ ਪਰ ਠੰਢ ਕਰਕੇ ਸਮਾਨ ਖਰੀਦਣ ਵਾਲੇ ਟਾਵੇਂ ਟਾਵੇਂ ਦਿਖਾਈ ਦਿੱਤੇ। ਦੁਕਾਨਦਾਰਾਂ ਨੂੰ ਉਮੀਦ ਹੈ ਕਿ ਜੇਕਰ ਲੋਹੜੀ ਤੋਂ ਪਹਿਲਾਂ ਪਹਿਲਾਂ ਮੀਂਹ ਪੈ ਜਾਵੇ ਤਾਂ ਮੌਸਮ ਖੁੱਲ੍ਹਣ ਦੀ ਸੰਭਾਵਨਾ ਹੋ ਸਕਦੀ ਹੈ।
ਸਿਹਤ ਵਿਭਾਗ ਵੱਲੋਂ ਠੰਢ ਵਧਣ ਤੋਂ ਬਾਅਦ ਚਿਤਾਵਨੀ ਜਾਰੀ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਸੀਤ ਲਹਿਰ ਦੇ ਚੱਲਦਿਆਂ ਜਿੱਥੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਢ ਤੋਂ ਬਚਾਉਣ ਲਈ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਉੱਥੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਕੁੱਝ ਗਤੀਵਿਧੀਆਂ ਕਰਨ ਤੋਂ ਰੋਕਿਆ ਗਿਆ ਹੈ। ਠੰਢ ਤੋਂ ਬਚਾਅ ਲਈ ਸੌਣ ਵੇਲੇ ਕਮਰਿਆਂ ਵਿੱਚ ਅੰਗੀਠੀ ਰੱਖਣਾ, ਜ਼ਿਆਦਾ ਸ਼ਰਾਬ ਦਾ ਸੇਵਨ ਅਤੇ ਰਸੋਈ ਗੈਸ ਵਾਲੇ ਗੀਜ਼ਰ ਦੀ ਵਰਤੋਂ ਇਹੋ ਜਿਹੀਆਂ ਗਤੀਵਿਧੀਆਂ ਦੱਸੀਆਂ ਗਈਆਂ ਹਨ ਜੋ ਹੁਣ ਤੱਕ ਕਈ ਵਾਰ ਘਾਤਕ ਸਿੱਧ ਹੋਈਆਂ ਹਨ। ਸਥਾਨਕ ਸਿਵਲ ਹਸਪਤਾਲ ਦੇ ਐੱਸ ਐੱਮ ਓ ਡਾ. ਰਾਜੇਸ਼ ਗਰਗ ਨੇ ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ ਤੋਂ ਮਿਲੀ ਜਾਣਕਾਰੀ ਦੇ ਵੇਰਵੇ ਨਾਲ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਬੰਦ ਕਮਰੇ ਵਿੱਚ ਬਲਦੀ ਅੱਗ ਵਾਲੀ ਅੰਗੀਠੀ ਰੱਖ ਕੇ ਸੌਣ ਨਾਲ ਹੁਣ ਤੱਕ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ। ਬੰਦ ਕਮਰੇ ਵਿੱਚ ਅੱਗ ਬਾਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ ਜੋ ਜ਼ਹਿਰੀਲੀ ਹੈ ਤੇ ਸਾਹ ਲੈਣ ਵਿੱਚ ਰੁਕਾਵਟ ਪੈਦਾ ਕਰਦੀ ਹੈ ਅਤੇ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸੇ ਤਰਾਂ ਰਸੋਈ ਗੈਸ ਨਾਲ ਚੱਲਣ ਵਾਲਾ ਗੀਜ਼ਰ ਵੀ ਛੋਟੇ ਅਤੇ ਬੰਦ ਬਾਥਰੂਮ ਅੰਦਰ ਕਾਰਬਨ ਮੋਨੋ ਆਕਸਾਇਡ ਗੈਸ ਪੈਦਾ ਕਰਕੇ ਵਿਅਕਤੀ ਲਈ ਜਾਨਲੇਵਾ ਸਾਬਤ ਹੁੰਦਾ ਹੈ। ਡਾ. ਰਾਜੇਸ਼ ਨੇ ਅੱਗੇ ਦੱਸਿਆ ਕਿ ਆਮ ਤੌਰ ’ਤੇ ਲੋਕ ਇਹ ਸੋਚਦੇ ਹਨ ਕਿ ਸਰਦੀਆਂ ਵਿੱਚ ਸ਼ਰਾਬ ਦਾ ਸੇਵਨ ਕਰਨ ਨਾਲ ਠੰਡ ਘੱਟ ਲੱਗਦੀ ਹੈ ਜਦੋਂ ਕਿ ਅਸਲ ਵਿੱਚ ਸ਼ਰਾਬ ਸਰੀਰ ਦਾ ਤਾਪਮਾਨ ਘਟਾਉਂਦੀ ਹੈ ਅਤੇ ਹਾਈਪੋਥਰਮੀਆ ਦੇ ਜੋਖਮ ਨੂੰ ਵਧਾਉਂਦੀ ਹੈ। ਇਸ ਤੋਂ ਇਲਾਵਾ ਸੀਤ ਲਹਿਰ ਕਾਰਨ ਤਾਪਮਾਨ ‘ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਠੰਢ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕਈ ਬਿਮਾਰੀਆਂ ਜਿਵੇਂ ਫਲੂ, ਨੱਕ ਦਾ ਚੱਲਣਾ, ਹਾਈਪੋਥਰਮੀਆ ਅਤੇ ਫਰੌਸਟਬਾਈਟ ਆਦਿ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਦੱਸੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਮਿਲੇ ਆਦੇਸ਼ਾਂ ਤੋਂ ਬਾਅਦ ਵੱਖ ਵੱਖ ਪੱਧਰ ‘ਤੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀਆਂ ਤੇ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।