ਵਿਸ਼ਵੀ ਵਰਤਾਰੇ ਬਾਰੇ ਚੇਤੰਨਤਾ
ਪ੍ਰੋ. ਅਤੈ ਸਿੰਘ ਦੁਆਰਾ ਕਵੀ ਸਵਰਨਜੀਤ ਸਵੀ ਦੀ ਪੁਰਸਕ੍ਰਿਤ ਪੁਸਤਕ ‘ਮਨ ਦੀ ਚਿੱਪ’ ਬਾਰੇ ਲਿਖਿਆ ਵਿਸਤ੍ਰਿਤ ਲੇਖ (31 ਦਸੰਬਰ 2023) ‘ਨਵੇਂ ਕਾਵਿ ਮੁਹਾਵਰੇ ਤੋਂ ਨਵੇਂ ਕਾਵਿ ਮੁਹਾਂਦਰੇ ਤੱਕ’ ਬੜੀ ਬਾਰੀਕਬੀਨੀ ਨਾਲ ਲਿਖਿਆ ਹੋਇਆ ਜਾਪਿਆ। ਇਹ ਲੇਖ ਸਵੀ ਦੀਆਂ ਕਾਵਿ ਕਿਰਤਾਂ ’ਚੋਂ ਪ੍ਰਾਪਤ ਚੇਤਨਾ ਰਾਹੀਂ ਮਨੁੱਖ ਨੂੰ ਆਧੁਨਿਕ ਯੰਤਰੀ ਤਕਨੀਕ ਦੇ ਨਵੀਨਤਮ ਪ੍ਰਯੋਗਾਂ ਦੇੇ ਵਿਸ਼ਾਲ ਵਿਸ਼ਵੀ ਵਰਤਾਰੇ ਕਾਰਨ ਉਪਜਣ ਵਾਲੇ ਦੁਖਦਾਈ ਸਿੱਟਿਆਂ ਤੋਂ ਸੂਖ਼ਮ ਰੂਪ ਵਿੱਚ ਚੇਤੰਨ ਕਰ ਗਿਆ।
ਡਾ. ਜਸਪਾਲ ਕੌਰ ਕਾਂਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
(2)
ਐਤਵਾਰ, 31 ਦਸੰਬਰ 2023 ਨੂੰ ‘ਪੰਜਾਬੀ ਟ੍ਰਿਬਿਊਨ’ ’ਚ ਸਵਰਨਜੀਤ ਸਵੀ ਦੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰਿਤ ਕਿਤਾਬ ‘ਮਨ ਦੀ ਚਿੱਪ’ ਬਾਰੇ ਸਮਕਾਲੀ ਕਵੀ ਅਤੇ ਚਿੰਤਕ ਅਤੈ ਸਿੰਘ ਵੱਲੋਂ ਬੜੀ ਅਪਣੱਤ ਅਤੇ ਮੋਹ ਵਾਲੀ ਖ਼ੂਬਸੂਰਤ ਭਾਸ਼ਾ ਵਿਚ ਲਿਖਿਆ ਲੇਖ ਛਪਿਆ ਹੈ। ਅਤੈ ਸਿੰਘ ਨੇ ਇਸ ਪੁਸਤਕ ਬਾਰੇ ਸਾਡੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਦੇ ਵਿਰਸੇ ਦੀ ਵੀ ਗੱਲ ਕੀਤੀ ਹੈ ਅਤੇ ਭਵਿੱਖ ਵਿਚ ਆ ਰਹੇ ਕੰਪਿਊਟਰੀ ਤੇ ਮਸਨੂਈ ਬੁੱਧੀ (Artificial Intelligence) ਬਾਰੇ ਵੀ ਚੇਤਾਇਆ ਹੈ। ਇਸ ਪੁਸਤਕ ਵਿਚਲੇ ਸ਼ਬਦ, ਸੁਰਤਿ, ਧੁਨ ਅਤੇ ਮੂਰਤਿ ਖੰਡਾਂ ਬਾਰੇ ਵੀ ਕਾਵਿਕ ਭਾਸ਼ਾ ਵਿਚ ਵਿਸ਼ਲੇਸ਼ਣ ਕੀਤਾ ਹੈ। ਉਸ ਨੇ ਆਪਣੇ ਲੇਖ ਵਿਚ ਪਹਿਲਾਂ ਹੋ ਚੁੱਕੇ ਸਥਾਪਤ ਲੇਖਕਾਂ, ਕਵੀਆਂ ਦੇ ਹਵਾਲੇ ਨਾਲ ਇਸ ਪੁਸਤਕ ਦੀ ਵੱਖਰੀ ਪਹੁੰਚ ਬਾਰੇ ਵੀ ਇਸ਼ਾਰਾ ਕੀਤਾ ਹੈ। ਇਹ ਲੇਖ ਨਿਸ਼ਚੈ ਹੀ ਸਮਕਾਲੀ ਪੰਜਾਬੀ ਦੇ ਨਵੇਂ ਕਾਵਿ ਮੁਹਾਂਦਰੇ ਦੀ ਨਿਸ਼ਾਨਦੇਹੀ ਕਰਦਾ ਹੈ।
ਡਾ. ਰਵਿੰਦਰ, ਈ-ਮੇਲ
ਤ੍ਰਾਸਦੀ ਦਾ ਚਿਤਰਣ
ਐਤਵਾਰ, 10 ਦਸੰਬਰ 2023 ਦੇ ‘ਦਸਤਕ’ ਵਿਚ ਛਪੀ ਮਨਜੀਤ ਕੌਰ ਧੀਮਾਨ ਦੀ ਕਹਾਣੀ ‘ਉਧੇੜ-ਬੁਣ’ ਬਹੁਤ ਪਸੰਦ ਆਈ। ਅੱਜ ਜਦੋਂ ਹਰ ਪੀੜ੍ਹੀ ਦਾ ਸੋਚਣ ਦਾ ਤਰੀਕਾ ਅਤੇ ਇੱਥੋਂ ਤੱਕ ਕਿ ਕੰਮ ਵੀ ਬਦਲ ਗਿਆ ਹੈ ਤਾਂ ਪੁਰਾਣੀ ਪੀੜ੍ਹੀ ਜਾਂ ਸਮਾਜ ਦੀ ਮੁੱਖ ਧਾਰਾ (ਭੇਡਚਾਲ) ਤੋਂ ਬਾਹਰਲੀ ਪੀੜ੍ਹੀ ਆਪਣੇ ਆਪ ਨੂੰ ਇਸੇ ਉਧੇੜ-ਬੁਣ ਵਿੱਚ ਮਹਿਸੂਸ ਕਰਦੀ ਹੈ। ਇਸ ਉਧੇੜ-ਬੁਣ ਦਾ ਸ਼ਿਕਾਰ ਹਰ ਉਹ ਇਨਸਾਨ ਹੈ ਜੋ ਭੇਡਚਾਲ ਤੋਂ ਵੱਖ ਹੈ। ਇਹ ਵੀ ਅੱਜ ਸਾਡੇ ਸਮਾਜ ਦੀ ਵੱਡੀ ਤ੍ਰਾਸਦੀ ਹੈ।
ਮੋਹਣ ਸਿੰਘ ਬਡਲਾ, ਈ-ਮੇਲ