ਅਤਰ ਸਿੰਘ
ਡੇਰਾਬੱਸੀ, 7 ਜਨਵਰੀ
ਡੇਰਾਬੱਸੀ ਦੇ ਪਿੰਡ ਹਰੀਪੁਰ ਹਿੰਦੂਆਂ ਦੇ ਵਸਨੀਕ ਨੈਕਟਰ ਲਾਈਫ਼ ਸਾਇੰਸਿਜ਼ ਕੰਪਨੀ ਦੇ ਬੁਆਇਲਰ ’ਚੋਂ ਨਿਕਲਦੀ ਰਾਖ ਤੋਂ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਕੰਪਨੀ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਰਾਖ ਨੂੰ ਤੁਰੰਤ ਬੰਦ ਕੀਤਾ ਜਾਵੇ। ਪਿੰਡ ਵਾਸੀਆਂ ਨੇ ਦੋ ਦਿਨਾਂ ਦੇ ਅੰਦਰ ਬੁਆਇਲਰ ਠੀਕ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਜਾਣਕਾਰੀ ਦਿੰਦਿਆ ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ, ਸਰਪੰਚ ਗਿਆਨ ਸਿੰਘ, ਤਰਸੇਮ ਕੁਮਾਰ, ਸਤਬੀਰ ਸਿੰਘ, ਨਰੇਸ਼ ਪੰਚ ਅਤੇ ਮਲਕੀਤ ਸਿੰਘ ਪੰਚ ਨੇ ਦੱਸਿਆ ਕਿ ਕੈਮੀਕਲ ਫੈਕਟਰੀ ਨੈਕਟਰ ਲਾਈਫ਼ ਸਾਇੰਸ ਦੀ ਚਿਮਨੀ ਤੋਂ ਉਨ੍ਹਾਂ ਦੇ ਪਿੰਡ ਵਿੱਚ ਲੋਕਾਂ ਦੇ ਘਰਾਂ ਦੀਆਂ ਛੱਤਾਂ, ਵਾਹਨਾਂ ਅਤੇ ਸੁਕਾਉਣ ਲਈ ਪਾਏ ਕੱਪੜਿਆਂ ’ਤੇ ਰਾਖ ਡਿੱਗ ਰਹੀ ਹੈ ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ।
ਮੁਰੰਮਤ ਲਈ ਬੁਆਇਲਰ ਬੰਦ ਕੀਤਾ ਗਿਆ: ਜੀ.ਐੱਮ.
ਇਸ ਸਬੰਧੀ ਨੈਕਟਰ ਦੇ ਪਵਾਰ ਪਲਾਂਟ ਦੇ ਜੀ.ਐੱਮ ਪਰਮਜੀਤ ਸਿੰਘ ਨੇ ਕਿਹਾ ਕਿ ਪਾਵਰ ਪਲਾਂਟ ਦੇ ਬੁਆਇਲਰ ਨੂੰ ਬੰਦ ਕਰ ਕੇ ਮੁਰੰਮਤ ਕੀਤੀ ਜਾ ਰਹੀ ਹੈ। ਉਹ ਕਿਸੇ ਵੀ ਹਾਲ ਵਿਚ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਨਹੀਂ ਕਰਨਗੇ।
ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ: ਐਕਸੀਅਨ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਗੁਰਸ਼ਰਨ ਦਾਸ ਗਰਗ ਨੇ ਕਿਹਾ ਕਿ ਕੰਪਨੀ ਦੇ ਬੁਆਇਲਰ ਦੀ ਰਿਪੇਅਰਿੰਗ ਪੈਂਡਿੰਗ ਸੀ ਅਤੇ ਫ਼ੈਕਟਰੀ ਪ੍ਰੰਬਧਕਾਂ ਨੇ ਫੈਕਟਰੀ ਡਾਇਰੈਕਟਰ ਤੋਂ ਮਨਜ਼ੂਰੀ ਲੈ ਕੇ ਬੁਆਇਲਰ ਬੰਦ ਕਰਵਾ ਦਿੱਤਾ ਹੈ ਜਿਸਨੂੰ ਪਾਸਿੰਗ ਹੋਣ ਤੋਂ ਬਾਅਦ ਹੀ ਚਾਲੂ ਕੀਤਾ ਜਾਵੇਗਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਮੁੜ ਕੋਈ ਪ੍ਰੇਸ਼ਾਨੀ ਨਾ ਆਵੇ ਇਹ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਫੈਕਟਰੀ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।