ਨਵੀਂ ਦਿੱਲੀ, 9 ਜਨਵਰੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੌਕਰੀਆਂ ਬਦਲੇ ਰੇਲਵੇ ਦੀ ਜ਼ਮੀਨ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੇ ਉਨ੍ਹਾਂ ਦੀ ਸੰਸਦ ਮੈਂਬਰ ਧੀ ਮੀਸਾ ਭਾਰਤੀ ਸਣੇ ਕੁਝ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਚਾਰਜਸ਼ੀਟ ਵਿੱਚ ਯਾਦਵ ਦੀ ਇਕ ਹੋਰ ਧੀ ਹੇਮਾ ਯਾਦਵ(40), ਯਾਦਵ ਪਰਿਵਾਰ ਦੇ ਕਥਿਤ ‘ਕਰੀਬੀ’ ਅਮਿਤ ਕਟਿਆਲ (49), ਰੇਲਵੇ ਮੁਲਾਜ਼ਮ ਤੇ ਕਥਿਤ ਲਾਭਪਾਤਰੀ ਹ੍ਰਿਦੇਆਨੰਦ ਚੌਧਰੀ, ਦੋ ਫਰਮਾਂ ਏ.ਕੇ.ਇਨਫੋਸਿਸਟਮਜ਼ ਪ੍ਰਾਈਵੇਟ ਲਿਮਟਿਡ ਅਤੇ ਏ.ਬੀ.ਐਕਸਪੋਰਟਜ਼ ਪ੍ਰਾਈਵੇਟ ਲਿਮਟਿਡ, ਉਨ੍ਹਾਂ ਦੇ ਸਾਂਝੇ ਡਾਇਰੈਕਟਰ ਸ਼ਰੀਕੁਲ ਬਾਰੀ ਦਾ ਨਾਮ ਵੀ ਸ਼ਾਮਲ ਹੈ।
ਸੂਤਰਾਂ ਨੇ ਕਿਹਾ ਕਿ 4700 ਸਫਿਆਂ ਦੀ ਚਾਰਜਸ਼ੀਟ, ਜਿਸ ਵਿੱਚ ਨਾਲ ਨੱਥੀ ਦਸਤਾਵੇਜ਼ ਵੀ ਸ਼ਾਮਲ ਹਨ, ਵਿਚ ਸੱਤ ਮੁੁਲਜ਼ਮਾਂ ਨੂੰ ਲੜੀਬੱਧ ਕੀਤਾ ਗਿਆ ਹੈ। ਸ਼ਿਕਾਇਤ ਪੀਐੱਮਐੱਲਏ ਕੋਰਟ ’ਚ ਦਾਖ਼ਲ ਕੀਤੀ ਗਈ ਸੀ, ਜਿਸ ਨੂੰ ਹੁਣ 16 ਜਨਵਰੀ ਲਈ ਸੂਚੀਬੰਦ ਕੀਤਾ ਗਿਆ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਈਡੀ ਨੂੰ ਚਾਰਜਸ਼ੀਟ ਤੇ ਦਸਤਾਵੇਜ਼ਾਂ ਦੀ ਈ-ਕਾਪੀ ਅੱਜ ਤੱਕ ਦਾਇਰ ਕਰਨ ਦੀ ਹਦਾਇਤ ਕੀਤ ਸੀ। ਈਡੀ ਨੇ ਇਸ ਕੇਸ ਵਿਚ ਕਟਿਆਲ ਨੂੰ ਪਿਛਲੇ ਸਾਲ ਨਵੰਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ ਜਦੋਂਕਿ ਲਾਲੂ ਪ੍ਰਸਾਦ ਨੂੰ ਏਜੰਸੀ ਨੇ ਸੰਮਨ ਕੀਤਾ ਹੋਇਆ ਹੈ, ਪਰ ਉਹ ਅਜੇ ਤੱਕ ਪੇਸ਼ ਨਹੀਂ ਹੋਏ। ਉਨ੍ਹਾਂ ਦਾ ਪੁੱਤਰ ਤੇ ਬਿਹਾਰ ਸਰਕਾਰ ’ਚ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਇਕ ਵਾਰ ਏਜੰਸੀ ਅੱਗੇ ਪੇਸ਼ ਹੋ ਚੁੱਕਾ ਹੈ। ਤੇਜਸਵੀ ਨੂੰ ਪੁੱਛ-ਪੜਤਾਲ ਲਈ ਮੁੜ ਸੱਦਿਆ ਗਿਆ ਹੈ। ਏਜੰਸੀ ਵੱਲੋਂ ਜਲਦੀ ਹੀ ਸਪਲੀਮੈਂਟਰੀ ਚਾਰਜਸ਼ੀਟਾਂ ਦਾਖਲ ਕੀਤੇ ਜਾਣ ਦੀ ਉਮੀਦ ਹੈ। ਈਡੀ ਰਾਬੜੀ ਦੇਵੀ(68), ਆਰਜੇਡੀ ਦੀ ਰਾਜ ਸਭਾ ਮੈਂਬਰ ਮੀਸਾ ਭਾਰਤੀ (47) ਤੇ ਲਾਲੂ ਪ੍ਰਸਾਦ ਯਾਦਵ ਦੀਆਂ ਦੋ ਹੋਰ ਧੀਆਂ- ਚੰਦਾ ਯਾਦਵ ਤੇ ਰਾਗਿਨੀ ਯਾਦਵ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਹ ਕੇਸ ਉਸ ਵੇਲੇ ਦਾ ਹੈ ਜਦੋਂਕਿ ਲਾਲੂ ਪ੍ਰਸਾਦ ਯਾਦਵ ਯੂਪੀਏ-1 ਸਰਕਾਰ ’ਚ ਰੇਲ ਮੰਤਰੀ ਸਨ। ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2004 ਤੋਂ 2009 ਦਰਮਿਆਨ ਕਈ ਲੋਕਾਂ ਨੂੰ ਭਾਰਤੀ ਰੇਲਵੇ ਦੀਆਂ ਕਈ ਜ਼ੋਨਾਂ ਵਿਚ ਗਰੁੱਪ ਡੀ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਤੇ ਬਦਲੇ ਵਿੱਚ ਰਿਸ਼ਵਤ ਵਜੋਂ ਉਨ੍ਹਾਂ ਕੋਲੋਂ ਤਤਕਾਲੀ ਰੇਲ ਮੰਤਰੀ ਯਾਦਵ ਦੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਨਾਲ ਸਬੰਧਤ ਕੰਪਨੀ ਏ.ਕੇ.ਇਨਫੋਸਿਸਟਮਜ਼ ਪ੍ਰਾਈਵੇਟ ਲਿਮਟਿਡ ਦੇ ਨਾਂ ਉੱਤੇ ਜ਼ਮੀਨਾਂ ਤਬਦੀਲ ਕੀਤੀਆਂ ਗਈਆਂ। -ਪੀਟੀਆਈ
ਆਰਜੇਡੀ ਆਗੂਆਂ ਖਿਲਾਫ਼ ਚਾਰਜਸ਼ੀਟ ਬਦਲਾਖੋਰੀ ਦੀ ਸਿਆਸਤ: ਝਾਅ
ਨਵੀਂ ਦਿੱਲੀ: ਆਰਜੇਡੀ ਸੰਸਦ ਮੈਂਬਰ ਮਨੋਜ ਝਾਅ ਨੇ ਈਡੀ ਵੱਲੋਂ ਪਾਰਟੀ ਆਗੂਆਂ ਖਿਲਾਫ਼ ਦਰਜ ਕੇਸ ਨੂੰ ‘ਬਦਲਾਖੋਰੀ ਦੀ ਸਿਆਸਤ’ ਕਰਾਰ ਦਿੱਤਾ ਹੈ। ਝਾਅ ਨੇ ਦੋਸ਼ ਲਾਇਆ ਕਿ ਭਾਜਪਾ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਨੂੰ ਵਰਤ ਰਹੀ ਹੈ। ਝਾਅ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੀਬੀਆਈ ਇਹ ਕੇਸ ਬੰਦ ਕਰ ਚੁੱਕੀ ਹੈ ਪਰ ਆਰਜੇਡੀ ਨੂੰ ਨਿਸ਼ਾਨਾ ਬਣਾਉਣ ਲਈ ਹੀ ਇਹ ਕੇੇਸ ਮੁੜ ਖੋਲ੍ਹਿਆ ਗਿਆ ਹੈ। -ਪੀਟੀਆਈ