ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜਨਵਰੀ
ਲੈਂਡ ਪੂਲਿੰਗ ਪਾਲਿਸੀ ਫਰਾਡ ਦੇ ਮਾਸਟਰਮਾਈਂਡ ਪ੍ਰਦੀਪ ਸਹਿਰਾਵਤ ਨੂੰ ਆਰਥਿਕ ਅਪਰਾਧ ਵਿੰਗ (ਦਿੱਲੀ ਪੁਲੀਸ) ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਲਗਪਗ 40 ਵਿਅਕਤੀਆਂ ਨਾਲ ਧੋਖਾਧੜੀ ਕਰਨ ਅਤੇ 5 ਕਰੋੜ ਰੁਪਏ ਤੋਂ ਵੱਧ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਛੇ ਹੋਰ ਵਿਅਕਤੀ ਧੋਖਾਧੜੀ ਦੇ ਮਾਮਲਿਆਂ ਵਿੱਚ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪ੍ਰਦੀਪ ਸਹਿਰਾਵਤ ਨੇ ਪੀੜਤਾਂ/ਘਰ ਖਰੀਦਦਾਰਾਂ ਨੂੰ ਈਡਨ ਹਾਈਟਸ ਅਤੇ ਕ੍ਰਿਸਟਲ ਰੈਜ਼ੀਡੈਂਸੀ ਵਿੱਚ ਫਲੈਟ/ਯੂਨਿਟ ਦੇ ਬਹਾਨੇ ਉਕਸਾਇਆ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਦਵਾਰਕਾ ਵਿੱਚ ‘ਦਿ ਕ੍ਰਿਸਟਲ ਰੈਜ਼ੀਡੈਂਸੀ’ ਅਤੇ ‘ਈਡਨ ਹਾਈਟ’ ਪ੍ਰਾਜੈਕਟ 10 ਏਕੜ ਜ਼ਮੀਨ ਵਿੱਚ ਬਣਾਇਆ ਜਾਣਾ ਸੀ, ਜਿਸ ਵਿੱਚ ਫਲੈਟ ਖਰੀਦਣ ਲਈ ਉਨ੍ਹਾਂ ਨੇ ਪੈਸੇ ਲਾਏ ਸਨ। ਇਸ ਲਈ ਕੈਂਪ ਡਿਵੈੱਲਪਰਜ਼ ਪ੍ਰਾਈਵੇਟ ਲਿਮਟਿਡ ਤੇ ਗਾਹਕਾਂ ਵਿਚਕਾਰ ਸਮਝੌਤਾ ਕਥਿਤ ਪ੍ਰਦੀਪ ਸਹਿਰਾਵਤ ਦੁਆਰਾ ਕਰਵਾਇਆ ਗਿਆ ਸੀ। ਸਾਰਿਆਂਨੂੰ 2019 ਵਿੱਚ ਉਨ੍ਹਾਂ ਦੇ ਫਲੈਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਿਲਡਰ ਨੇ ‘ਦਿ ਕ੍ਰਿਸਟਲ ਰੈਜ਼ੀਡੈਂਸੀ’ ਅਤੇ ‘ਈਡਨ ਹਾਈਟਸ’ ਨਾਂ ਦੇ ਦੋ ਪ੍ਰਾਜੈਕਟ ਸ਼ੁਰੂ ਕੀਤੇ ਸਨ ਅਤੇ ਹੁਣ ਤੱਕ ਕੋਈ ਵਿਕਾਸ ਕਾਰਜ ਨਹੀਂ ਹੋਇਆ। ਸ਼ਿਕਾਇਤਕਰਤਾ ਦੀ ਮਿਹਨਤ ਦੀ ਕਮਾਈ ਵੀ ਬਿਲਡਰ ਨੇ ਵਾਪਸ ਨਹੀਂ ਕੀਤੀ। ਸਾਲ 2013 ਵਿੱਚ ਕਿ ਲੈਂਡ ਪੂਲਿੰਗ ਨੀਤੀ (ਐੱਲਪੀਪੀ ਦੀ ਨੀਤੀ) ਤਹਿਤ, ਡੀਡੀਏ ਵਿਅਕਤੀਆਂ, ਮਾਲਕਾਂ ਜਾਂ ਇੱਕ ਬਿਲਡਰ ਦੀ ਮਲਕੀਅਤ ਵਾਲੀ ਜ਼ਮੀਨ ਨੂੰ ਪੂਲ ਕਰੇਗਾ, ਫਿਰ ਜ਼ਮੀਨ ਦਾ ਵਿਕਾਸ ਕਰੇਗਾ ਅਤੇ ਇਸਨੂੰ ਮਾਲਕਾਂ ਨੂੰ ਵਾਪਸ ਕਰ ਦੇਵੇਗਾ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਡੀਡੀਏ ਨੇ ਕਥਿਤ ਕੈਂਪ ਡਿਵੈੱਲਪਰਜ਼ ਪ੍ਰਾਈਵੇਟ ਲਿਮਟਿਡ ਨੂੰ ਕੋਈ ਲਾਇਸੈਂਸ/ਪ੍ਰਵਾਨਗੀ ਨਹੀਂ ਦਿੱਤੀ ਸੀ। ਕਥਿਤ ਕੰਪਨੀ ਨੇ ਲੈਂਡ ਪੂਲਿੰਗ ਨੀਤੀ ਤਹਿਤ ਡੀਡੀਏ ਵਿੱਚ ਕੋਈ ਜ਼ਮੀਨ ਜਮ੍ਹਾਂ ਨਹੀਂ ਕਰਵਾਈ ਸੀ।