ਬੰਗਲੂਰੂ/ਪਣਜੀ, 10 ਜਨਵਰੀ
ਬੰਗਲੂਰੂ ਆਧਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਟਾਰਟਅੱਪ ਦੀ ਸੀਈਓ ਵੱਲੋਂ ਆਪਣੇ ਚਾਰ ਸਾਲਾ ਪੁੱਤਰ ਦਾ ਕਤਲ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ। ਇਹ ਜਾਣਕਾਰੀ ਗੋਆ ਪੁਲੀਸ ਦੀ ਜਾਂਚ ’ਚ ਸਾਹਮਣੇ ਆਈ ਹੈ। ਸੀਈਓ ਸੁੂਚਨਾ ਸੇਠ ਦਾ ਪਤੀ ਵੈਂਕਟਰਮਨ ਨਾਲ ਤਲਾਕ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ। ਪੋਸਟਮਾਰਟਮ ਤੋਂ ਬਾਅਦ ਵੈਂਕਟਰਮਨ ਨੂੰ ਪੁੱਤਰ ਦੀ ਲਾਸ਼ ਸੌਂਪ ਦਿੱਤੀ ਗਈ। ਇਸ ਮਗਰੋਂ ਬੱਚੇ ਦਾ ਰਾਜਾਜੀ ਨਗਰ ਦੇ ਸ਼ਮਸ਼ਾਨ ਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਂਚ ’ਚ ਸਾਹਮਣੇ ਆਇਆ ਹੈ ਗੋਆ ਪੁਲੀਸ ਨੂੰ ਕੰਡੋਲੀਅਮ ਦੇ ਅਪਾਰਟਮੈਂਟ ’ਚੋਂ ਦੋ ਖੰਘ ਦੀ ਦਵਾਈ ਦੀਆਂ ਖਾਲੀ ਸ਼ੀਸ਼ੀਆਂ ਬਰਾਮਦ ਹੋਈਆਂ ਹਨ। ਇਥੇ ਸੀਈਓ ਦੋ ਦਿਨ ਬੱਚੇ ਨਾਲ ਠਹਿਰੀ ਸੀ। ਇਥੋਂ ਬੱਚੇ ਦਾ ਕਤਲ ਕਰਨ ਮਗਰੋਂ ਉਹ ਲਾਸ਼ ਨੂੰ ਅਟੈਚੀ ਵਿੱਚ ਬੰਦ ਕਰਕੇ ਕਰਨਾਟਕ ਲਿਜਾ ਰਹੀ ਸੀ ਕਿ ਚਿਤਰਾਦੁਰਗਾ ਕੋਲ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਪਾਰਟਮੈਂਟ ’ਚੋਂ ਦੋ ਖੰਘ ਦੀਆਂ ਖਾਲੀ ਸ਼ੀਸ਼ੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਬੱਚੇ ਨੂੰ ਮਾਰਨ ਲਈ ਜ਼ਿਆਦਾ ਮਾਤਰਾ ’ਚ ਦਵਾਈ ਪਿਆਈ ਗਈ ਸੀ। ਪੋਸਟਮਾਰਟਮ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਦਮ ਘੁਟਣ ਕਾਰਨ ਬੱਚੇ ਦੀ ਮੌਤ ਹੋਈ ਹੈ। ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚੇ ਨੂੰ ਤੌਲੀਏ ਜਾਂ ਸਿਰਹਾਣੇ ਨਾਲ ਗਲ ਘੁੱਟ ਕੇ ਮਾਰਿਆ ਗਿਆ ਹੋਵੇ। -ਪੀਟੀਆਈ