ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜਨਵਰੀ
ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਵਿੱਚ ਪੀਸੀਪੀਐਨਡੀਟੀ ਐਕਟ ਸਬੰਧੀ ਵੱਖ ਵੱਖ ਅਲਟਰਾਸਾਊਂਡ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਸਿਵਲ ਸਰਜਨ ਦਫਤਰ ਪਟਿਆਲਾ ਅਨੁਸਾਰ ਚੈਕਿੰਗ ਕਰਨ ਵਾਲ਼ੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐੱਸਜੇ ਸਿੰਘ ਦੀ ਅਗਵਾਈ ਹੇਠਲੀ ਇਸ ਟੀਮ ’ਚ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਗਾਇਨਾਕਾਲੋਜਿਸਟ ਡਾ. ਮਮਤਾ, ਜ਼ਿਲ੍ਹਾ ਪੀਐਨਡੀਟੀ ਕੋਆਰਡੀਨੇਟਰ ਡਾ. ਜਸਪ੍ਰੀਤ ਕੌਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਵੀ ਮੈਂਬਰਾਂ ਵਜੋਂ ਸ਼ਾਮਲ ਰਹੇ।
ਟੀਮ ਇੰਚਾਰਜ ਡਾ. ਐੱਸਜੇ ਸਿੰਘ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਰਜਿਸਟਰਡ ਅਲਟਰਾਸਾਊਂਡ ਸੈਂਟਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਅਲਟਰਾਸਾਊਂਡ ਕੀਤੇ ਜਾਣ ਸਬੰਧੀ ਰੱਖੇ ਗਏ ਰਿਕਾਰਡ ਅਤੇ ਫਾਰਮ ਐਫ ਦੀ ਜਾਂਚ ਪੜਤਾਲ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਮਾਨਸਿਕ ਸੋਚ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਲਿੰਗ ਦੀ ਜਾਂਚ ਕਰਵਾਉਣ ਲਈ ਉਕਸਾਉਣ ਅਤੇ ਲਿੰਗ ਦੀ ਜਾਂਚ ਕਰਨ ਵਾਲੇ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ ਲਈ ਕਿਹਾ। ਜੇਕਰ ਕੋਈ ਵੀ ਅਲਟਰਾਸਾਊਂਡ ਸੈਂਟਰ, ਨਰਸਿੰਗ ਹੋਮ ਜਾਂ ਵਿਅਕਤੀ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਉਲਘੰਣਾ ਕਰ ਕੇ ਲਿੰਗ ਦੀ ਜਾਂਚ ਕਰਨ/ ਕਰਵਾਉਣ ਜਾਂ ਭਰੂਣ ਹੱਤਿਆ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।