ਸਤਵਿੰਦਰ ਬਸਰਾ
ਲੁਧਿਆਣਾ, 10 ਜਨਵਰੀ
ਲੋਹੜੀ ਦੇ ਤਿਉਹਾਰ ਨੂੰ ਹਾਲੇ ਚਾਰ ਕੁ ਦਿਨ ਬਾਕੀ ਹਨ ਪਰ ਸ਼ਹਿਰ ਦੇ ਬਜ਼ਾਰਾਂ ਵਿੱਚ ਪਤੰਗਾਂ ਦੀਆਂ ਦੁਕਾਨਾਂ ’ਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਪਤੰਗਸਾਜ਼ਾਂ ਵੱਲੋਂ ਹਰ ਉਮਰ ਵਰਗ ਦੇ ਪਤੰਗਬਾਜ਼ਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਪਤੰਗਾਂ ਦੇ ਡਿਜ਼ਾਈਨ ਬਾਜ਼ਾਰ ਵਿੱਚ ਲਿਆਂਦੇ ਗਏ ਹਨ। ਇੱਥੋਂ ਦੇ ਦਰੇਸੀ ਮੈਦਾਨ ਨੇੜੇ ਪਤੰਗਾਂ ਦੀਆਂ ਦਰਜਨਾਂ ਦੁਕਾਨਾਂ ’ਤੇ ਰੱਖੇ ਭਾਂਤ-ਭਾਂਤ ਦੇ ਪਤੰਗ, ਪਤੰਗਬਾਜ਼ਾਂ ਨੂੰ ਆਪਣੇ ਵੱਲ ਖਿੱਚਦੇ ਨਜ਼ਰ ਆ ਰਹੇ ਹਨ। ਕਰੀਬ 10-20 ਸਾਲ ਪਹਿਲਾਂ ਪਤੰਗਾਂ ਦੇ ਵੱਖ ਵੱਖ ਦੇਸੀ ਨਾਮ ਲਏ ਜਾਂਦੇ ਸਨ ਜਿਨ੍ਹਾਂ ’ਚ ਚੰਦ-ਤਾਰਾ, ਲਖਨਊਕਾਟ, ਤਿਰੰਗਾ, ਮਖੀਅਲ, ਆਂਡਾ, ਸਲੇਟ, ਭੂਤ, ਦੋ ਅੱਖਾ, ਪਰਾ ਅਤੇ ਪਰੀ ਆਦਿ ਮੁੱਖ ਸਨ, ਪਰ ਸਮੇਂ ਦੇ ਨਾਲ-ਨਾਲ ਪਤੰਗ ਬਣਾਉਣ ਵਾਲਿਆਂ ਅਤੇ ਪਤੰਗਬਾਜ਼ਾਂ ਦਾ ਰੁਝਾਨ ਵੀ ਬਦਲ ਗਿਆ ਹੈ। ਹੁਣ ਬੱਚਿਆਂ ਵੱਲੋਂ ਮਿੱਕੀ-ਮਾਊਸ, ਸਪਾਈਡਰ ਮੈਨ, ਮੋਟੂ-ਪਤਲੂ ਆਦਿ ਕਾਰਟੂਨ ਕਰੈਕਟਰਾਂ ਵਾਲੇ ਜਦਕਿ ਨੌਜਵਾਨਾਂ ਨੂੰ ਸਿੱਧੂ ਮੂਸਬੇਵਾਲਾ, ਬੱਬੂ ਮਾਨ, ਜੈਜੀ ਬੀ ਸਮੇਤ ਹੋਰ ਕਈ ਮਸ਼ਹੂਰ ਗਾਇਕਾਂ ਅਤੇ ਫਿਲਮੀ ਕਲਾਕਾਰਾਂ ਦੀਆਂ ਫੋਟੋਆਂ ਵਾਲੇ ਪਤੰਗ ਵੱਧ ਪਸੰਦ ਆ ਰਹੇ ਹਨ। ਦੁਕਾਨਦਾਰਾਂ ਵੱਲੋਂ ਵੀ ਹਰ ਵਰਗ ਦੇ ਪਤੰਗਬਾਜ਼ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਵੱਖ -ਵੱਖ ਕਿਸਮਾਂ ਦੇ ਪਤੰਗ ਦੁਕਾਨਾਂ ਦੇ ਬਾਹਰ ਅਤੇ ਅੰਦਰ ਸਜਾ ਕੇ ਰੱਖੇ ਹੋਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਹੁਤੇ ਪਤੰਗ ਤਾਂ ਲੁਧਿਆਣਾ ਵਿੱਚ ਹੀ ਤਿਆਰ ਹੁੰਦੇ ਹਨ ਜਦਕਿ 30 ਤੋਂ 40 ਫੀਸਦੀ ਪਤੰਗ ਯੂਪੀ ਅਤੇ ਹੋਰ ਨੇੜਲੇ ਰਾਜਾਂ ਤੋਂ ਲੁਧਿਆਣਾ ਵਿਕਣ ਲਈ ਆਉਂਦਾ ਹੈ। ਇਨ੍ਹਾਂ ਦੁਕਾਨਦਾਰਾਂ ਦੀ ਵੀ ਪਿਛਲੇ ਕਈ ਦਿਨਾਂ ਤੋਂ ਵਿਗੜੇ ਮੌਸਮ ਕਰਕੇ ਚਿੰਤਾ ਵਧੀ ਹੋਈ ਹੈ।