ਨਵੀਂ ਦਿੱਲੀ, 11 ਜਨਵਰੀ
ਟੈਲੀਕਾਮ ਵਿਭਾਗ ਨੇ ਮੋਬਾਈਲ ਵਰਤੋਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਣਪਛਾਤੇ ਮੋਬਾਈਲ ਨੰਬਰ ਤੋਂ ਆਉਂਦੀ ਕਾਲਾਂ ਤੋ ਸੁਚੇਤ ਰਹਿਣ, ਜੋ ਮਗਰੋਂ *401# ਡਾਇਲ ਕਰਨ ਲਈ ਆਖਦੇ ਹਨ। ਵਿਭਾਗ ਨੇ ਕਿਹਾ ਕਿ ਕੋਈ ਵਰਤੋਂਕਾਰ ਜੇਕਰ *401# ਡਾਇਲ ਕਰਦਾ ਹੈ ਤਾਂ ਉਸ ਦੇ ਮੋਬਾਈਲ ’ਤੇ ਆਉਣ ਵਾਲੀ ਕਾਲ ਅਣਪਛਾਤੇ ਮੋਬਾਈਲ ਨੰਬਰ ’ਤੇ ਫਾਰਵਰਡ ਭਾਵ ਤਬਦੀਲ ਹੋ ਜਾਂਦੀ ਹੈ। ਟੈਲੀਕਾਮ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ, ‘‘ਵਿਭਾਗ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਉਣ ਮਗਰੋਂ ਉਨ੍ਹਾਂ ਨੂੰ *401# ਡਾਇਲ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਇਸ ਤੋੋਂ ਚੌਕਸ ਰਹਿਣ। *401# ਡਾਇਲ ਕਰਨ ਨਾਲ ਉਸ ਫੋਨ ਦੀਆਂ ਸਾਰੀਆਂ ਇਨਕਮਿੰਗ ਕਾਲਾਂ ਅੱਗੇ ਠੱਗ ਦੇ ਫੋਨ ’ਤੇ ਤਬਦੀਲ ਹੋ ਜਾਣਗੀਆਂ। ਇਨ੍ਹਾਂ ਕਾਲਾਂ ਨੂੰ ਅੱਗੇ ਧੋਖਾਧੜੀ ਲਈ ਵਰਤਿਆ ਜਾ ਸਕਦਾ ਹੈ।’’ ਵਿਭਾਗ ਨੇ ਠੱਗੀ ਦੀ ਇਸ ਕਾਰਜਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੱਗ ਵੱਲੋਂ ਫੋਨ ਕਰਕੇ ਵਰਤੋਕਾਰ ਨੂੰ ਕਿਹਾ ਜਾਂਦਾ ਹੈ ਕਿ ਉਹ ਕਸਟਮਰ ਕੇਅਰ ਪ੍ਰਤੀਨਿਧ ਜਾਂ ਟੈਲੀਕਾਮ ਸਰਵਿਸ ਪ੍ਰੋਵਾਈਡਰ ਦੇ ਤਕਨੀਕੀ ਸਪੋਰਟ ਸਟਾਫ ਤੋਂ ਬੋਲ ਰਿਹਾ ਹੈ। ਠੱਗ ਫਿਰ ਕਹਿੰਦਾ ਹੈ ਕਿ ਸਿਮ ਕਾਰਡ ਵਿਚ ਕੋਈ ਦਿੱਕਤ ਹੈ ਜਾ ਫਿਰ ਨੈੱਟਵਰਕ ਦਾ ਕੋਈ ਮਸਲਾ ਹੈ। ਫਿਰ ਉਹ ਵਰਤੋਕਾਰ ਨੂੰ ਕੋਈ ਖਾਸ ਕੋਡ ਡਾਇਲ ਕਰਨ ਲਈ ਆਖਦਾ ਹੈ। ਇਹ ਕੋਡ ਆਮ ਕਰਕੇ *401# ਤੇ ਮਗਰੋਂ ਮੋਬਾਈਲ ਨੰਬਰ ਨਾਲ ਸ਼ੁਰੂ ਹੁੰਦਾ ਹੈ। ਇਕ ਵਾਰ ਇਹ ਨੰਬਰ ਡਾਇਲ ਕੀਤਾ ਤਾਂ ਉਸ ਨੰਬਰ ਦੀ ਕਾਲ ਅੱਗੇ ਠੱਗ ਦੇ ਮੋਬਾਈਲ ’ਤੇ ਫਾਰਵਰਡ ਹੋਣ ਲੱਗਦੀ ਹੈ। ਵਿਭਾਗ ਨੇ ਵਰਤੋਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਮੋਬਾਈਲ ਫੋਨ ਸੈਟਿੰਗਜ਼ ਵਿੱਚ ਜਾ ਕੇ ਕਾਲ ਫਾਰਵਰਡਿੰਗ ਦੇ ਬਦਲ ਨੂੰ ਚੈੱਕ ਕਰਨ ਤੇ ਜੇਕਰ *401# ਜ਼ਰੀਏ ਕਾਲ ਫਾਰਵਰਡਿੰਗ ਕੀਤੀ ਗਈ ਹੈ ਤਾਂ ਇਸ ਨੂੰ ਬੰਦ ਕਰ ਦੇਣ। -ਪੀਟੀਆਈ