ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 13 ਜਨਵਰੀ
ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਨਸ਼ਿਆਂ ਨਾਲ ਪੀੜਤ ਸਰਹੱਦੀ ਖੇਤਰ ਡੱਬਵਾਲੀ ਨੂੰ ਪੁਲੀਸ ਜ਼ਿਲ੍ਹਾ ਬਣਾਉਣ ਤੋਂ ਬਾਅਦ ਨਸ਼ਿਆਂ ਖਿਲਾਫ਼ ਪੁਲੀਸ ਦੇ ਉਪਰਾਲੇ ਜਾਰੀ ਹਨ। ਪੁਲੀਸ ਜ਼ਿਲ੍ਹਾ ਬਣਨ ਤੋਂ ਬਾਅਦ ਵਸੀਲੇ ਵੀ ਵਧੇ ਹਨ ਜਿਸ ਕਾਰਨ ਨਸ਼ਿਆਂ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ ਹੈ। ਨਸ਼ਿਆਂ ਨੂੰ ਜੜ੍ਹੋਂ ਪੁੁੱਟਣ ਲਈ ਪਿੰਡ ਤੇ ਵਾਰਡ ਪੱਧਰ ਨੂੰ ਯੂਨਿਟ ਦਰਜਾ ਕੇ ਮੁਹਿੰਮ ਨੂੰ ਅਗਾਂਹ ਵਧਾਇਆ ਜਾਵੇਗਾ। ਉਨ੍ਹਾਂ ਅੱਜ ਡੱਬਵਾਲੀ ਦੌਰੇ ਦੇ ਮੌਕੇ ਸਿਟੀ ਥਾਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹਿਸਾਰ ਡਿਵੀਜ਼ਨ ਦੇ ਵਧੀਕ ਡੀਜੀਪੀ ਸ੍ਰੀਕਾਂਤ ਜਾਧਵ ਅਤੇ ਡੱਬਵਾਲੀ ਦੇ ਐਸ.ਪੀ ਸੁਮੇਰ ਸਿੰਘ ਵੀ ਮੌਜੂਦ ਸਨ। ਡੀਜੀਪੀ ਨੇ ਮੈਡੀਕਲ ਨਸ਼ਿਆਂ ਨੂੰ ਵੱਡੀ ਸਮੱਸਿਆ ਕਰਾਰ ਦਿੰਦਿਆਂ ਕਿਹਾ ਕਿ ਪਾਬੰਦੀਸ਼ੁਦਾ ਦਵਾਈਆਂ ਨਾ ਮਿਲਣ ਕਰਕੇ ਨਸ਼ਿਆਂ ’ਤੇ ਛੇਤੀ ਕਾਬੂ ਪਾਇਆ ਜਾ ਸਕਦਾ ਹੈ ਜਿਸ ਲਈ ਮੈਡੀਕਲ ਸਟੋਰ ਸੰਚਾਲਕਾਂ ਨੂੰ ਪਾਬੰਦੀਸ਼ੁਦਾ ਦਵਾਈਆਂ ਨੂੰ ਡਾਕਟਰ ਦੀ ਪਰਚੀ ਬਿਨਾਂ ਨਾ ਵੇਚਣ ਦੇ ਨਿਰਦੇਸ਼ ਦਿੱਤੇ ਗਏ ਹਨ।ਮੈਡੀਕਲ ਨਸ਼ਿਆਂ ’ਤੇ ਛਾਪਿਆਂ ਤੋਂ ਪਹਿਲਾਂ ਹੀ ਸੂਚਨਾ ਮਿਲਣ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਇੱਕ ਪ੍ਰਸ਼ਾਸਕੀ ਵਿਸ਼ਾ ਹੈ, ਸਿਹਤ ਇੱਕ ਵੱਖਰਾ ਵਿਭਾਗ ਹੈ ਪਰ ਇਸ ’ਤੇ ਵਿਚਾਰ ਕੀਤਾ ਜਾਵੇਗਾ। ਸਰਕਾਰ ਵੱਲੋਂ ਨਵੀਂ ਭਰਤੀ ਨਾਲ ਸਿਰਸਾ ਅਤੇ ਫਤਿਹਾਬਾਦ ਜ਼ਿਲ੍ਹਿਆਂ ’ਚ ਜ਼ਿਲ੍ਹਾ ਡਰੱਗ ਕੰਟਰੋਲਰ ਤਾਇਨਾਤ ਕੀਤੇ ਗਏ ਹਨ ਜਿਸ ਨਾਲ ਸਥਿਤੀ ’ਚ ਸੁਧਾਰ ਆਉਣ ਦੀ ਉਮੀਦ ਹੈ। ਸਰਕਾਰੀ ਮੈਡੀਕਲ ਸਟੋਰਾਂ ’ਤੇ ਬਿਨਾਂ ਪਰਚੀ ਦੇ ਸਰਿੰਜ ਨਾ ਵੇਚਣ ਦੇ ਸਰਕਾਰੀ ਹੁਕਮਾਂ ਦੇ ਉਲਟ ਸਿਹਤ ਵਿਭਾਗ ਦੀ 32 ਲੱਖ ਰੁਪਏ ਦੀ ਗਰਾਂਟ ਨਾਲ ਐਨਜੀਓ ਪੱਧਰ ’ਤੇ ਨਸ਼ੇੜੀਆਂ ਨੂੰ ਇੰਜੈਕਸ਼ਨ ਲਈ ਸਰਿੰਜ ਵੰਡੇ ਜਾਣ ਦੇ ਸਵਾਲ ’ਤੇ ਡੀਜੀਪੀ ਨੇ ਕਿਹਾ ਕਿ ਉਹ ਸਕੀਮ ਦਾ ਮਕਸਦ ਪਤਾ ਕਰਨਗੇ। ਇਸ ਮੌਕੇ ਡੀਐਸਪੀ (ਕ੍ਰਾਈਮ) ਰਾਜੀਵ ਸਿੰਘ, ਡੀਅਸਪੀ ਡੱਬਵਾਲੀ ਰਾਜਿੰਦਰ ਸਿੰਘ, ਡੀਐਸਪੀ ਕਾਲਾਂਵਾਲੀ ਗੁਰਦਿਆਲ ਸਿੰਘ ਅਤੇ ਸਿਟੀ ਥਾਣੇ ਦੇ ਮੁਖੀ ਸ਼ੈਲੇਂਦਰ ਕੁਮਾਰ ਵੀ ਮੌਜੂਦ ਸਨ।
ਡੀਜੀਪੀ ਵੱਲੋਂ ਪੁਲੀਸ ਲਾਈਨ ਤੇ ਥਾਣੇ ਦਾ ਨਿਰੀਖਣ
ਡੀਜੀਪੀ ਸ਼ਤਰੂਜੀਤ ਕਪੂਰ ਨੇ ਪੁਲੀਸ ਜ਼ਿਲ੍ਹਾ ਡੱਬਵਾਲੀ ਦੇ ਐਸਪੀ ਦਫ਼ਤਰ ’ਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪੁਲੀਸ ਲਾਈਨ, ਐਮਟੀ ਬ੍ਰਾਂਚ, ਕਲਰਕ ਸ਼ਾਖਾ ਤੇ ਸਿਟੀ ਥਾਣੇ ਦਾ ਨਿਰੀਖਣ ਕੀਤਾ। ਡੀਜੀਪੀ ਨੇ ਪੁਲੀਸ ਜ਼ਿਲ੍ਹੇ ਨੂੰ ਛੇਤੀ ਸਾਰੀਆਂ ਪ੍ਰਸ਼ਾਸਕੀ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ।