ਸੁਖਮਿੰਦਰ ਸੇਖੋਂਪੁਸਤਕ ਰੀਵਿਊ
ਕਿਤਾਬ ‘ਧਰਤ ਵਿਹੂਣੇ’ (ਕੀਮਤ: 150 ਰੁਪਏ; ਚਿੰਤਨ ਪ੍ਰਕਾਸ਼ਨ, ਲੁਧਿਆਣਾ) ਲੇਖਕ ਸੁਖਵਿੰਦਰ ਪੱਪੀ ਦਾ ਪਹਿਲਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਦੋ ਕਾਵਿ-ਸੰਗ੍ਰਹਿ ਵੀ ਛਪਵਾ ਚੁੱਕਾ ਹੈ। ਉਸ ਦੀ ਪਛਾਣ ਕਵੀ ਤੇ ਸੰਪਾਦਕ (ਮੈਗਜ਼ੀਨ ‘ਸਰੋਕਾਰ’) ਵਜੋਂ ਵੀ ਹੈ। ਨਾਵਲ 34 ਕਾਂਡਾਂ ਵਿੱਚ ਵੰਡਿਆ ਗਿਆ ਹੈ। ਨਾਵਲ ਦਾ ਵਿਸ਼ਾ ਦੱਸਣ ਦੀ ਜ਼ਰੂਰਤ ਨਹੀਂ, ਪਰ ਇਹ ਗੱਲ ਜ਼ਰੂਰ ਸਾਂਝੀ ਕਰਾਂਗਾ ਕਿ ਨਾਵਲ ਦੀ ਕਹਾਣੀ ਨੂੰ ਲੇਖਕ ਨੇ ਨੇੜੇ ਹੋ ਕੇ ਜਾਣਿਆ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਉਹ ਵੀ ਇਸ ਕਹਾਣੀ ਦਾ ਹੀ ਇੱਕ ਪਾਤਰ ਹੋ ਕੇ ਵਿਚਰਦਾ ਹੈ। ਨਾਵਲ ਦਾ ਆਰੰਭ ਬਹੁਤ ਹੀ ਦਿਲਚਸਪ ਢੰਗ ਨਾਲ ਬਿਆਨ ਕੀਤਾ ਗਿਆ ਹੈ: ਜਿਉਂ ਹੀ ਸ਼ਿਵ ਭੋਲੇ ਦਾ ਡਮਰੂ ਵੱਜਿਆ, ਤੀਨ ਲੋਕ ’ਚ ਹਾਹਾਕਾਰ ਮੱਚ ਗਈ। ਤ੍ਰਿਲੋਕ ਵਾਸੀ ਸੰਸਿਆਂ ’ਚ ਪੈ ਗਏ। ਇਹ ਕਿਸ ਦੀ ਔਧ ਆਉਣ ਵਾਲੀ ਐ ਬਈ? ਤੇਤੀ ਕਰੋੜ ਦੇਵੀ-ਦੇਵਤੇ, ਗਿਆਰਾਂ ਰੁਦਰ, ਬਾਰਾਂ ਸੂਰਜ, ਕਾਲ, ਜਮ, ਸਭ ਸੋਚੀਂ ਪੈ ਗਏ। ਹਰੇਕ ਦੀਆਂ ਅੱਖਾਂ ’ਚ ਜਲਦਾ ਸਵਾਲ ਇਹੀ ਸੀ ਕਿ ਆਖਿਰ ਸ਼ਿਵ ਨੇ ਡਮਰੂ ਵਜਾਇਆ ਕਿਉਂ?
ਵੀਰਾਂ ਨਾਉਂ ਦਾ ਕਿਰਦਾਰ ਬਹੁਤ ਅਹਿਮ ਹੈ। ਵੀਰਾਂ ਵਿਦਿਆਰਥੀ ਯੂਨੀਅਨ ਵਿੱਚ ਕਾਫ਼ੀ ਸਰਗਰਮ ਹੈ। ਉਹ ਹੌਲੀ ਹੌਲੀ ਯੂਨੀਅਨ ਵਿੱਚ ਆਪਣਾ ਭਰਵਾਂ ਮੁਕਾਮ ਹਾਸਲ ਕਰਦੀ ਹੈ ਅਤੇ ਸੈਮੀਨਾਰਾਂ ਤੇ ਇਕੱਠਾਂ ਵਿੱਚ ਵਧ ਚੜ੍ਹ ਕੇ ਭਾਗ ਲੈਂਦੀ ਹੈ। ਨਾਵਲ ਵਿੱਚ ਹੋਰ ਵੀ ਖ਼ਾਸ ਪਾਤਰ ਹਨ: ਸੰਦੀਪ, ਮੋਹਕਮ, ਦੀਪਕ, ਅਜੈਬ। ਪਰ ਵੀਰਾਂ ਮੁੱਖ ਪਾਤਰ ਹੈ ਅਤੇ ਸਾਰੀ ਕਹਾਣੀ ਉਸ ਦੀ ਸਰਗਰਮ ਭੂਮਿਕਾ ਨਾਲ ਹੀ ਅੱਗੇ ਤੁਰਦੀ ਹੈ। ਵੀਰਾਂ ਆਪਣੇ ਨੇਕ ਇਰਾਦੇ ਤਹਿਤ ਸਵਾਲ ਕਰਦੀ ਹੈ: ਬੜੀ ਹੈਰਾਨੀ ਹੋਈ ਸੰਦੀਪ, ਤੂੰ ਕਿਹੈ ਕਿ ਬਿਨਾਂ ਵਜ੍ਹਾ ਜੇਲ੍ਹ ’ਚ ਬੈਠੇ ਨੇ? ਕੀ ਮੋਹਕਮ ਹੋਰੀਂ ਜੇਲ੍ਹ ’ਚ ਬਿਨਾਂ ਵਜ੍ਹਾ ਬੈਠੇ ਨੇ? ਕੀ ਬਾਕੀ ਜ਼ਿਲ੍ਹਿਆਂ ’ਚ ਇਸ ਅੰਦੋਲਨ ਨੂੰ ਫੈਲਾਏ ਬਿਨਾਂ ਇਸ ਐਨੇ ਕੁ ਟੁਕੜੇ ਨੂੰ ਬਚਾਇਆ ਜਾ ਸਕਦੈ? ਕੀ ਸਟੇਟ ਜਲਦੀ ਹੀ ਇਹ ਸਭ ਕੁਝ ਨੂੰ ਕੁਚਲ ਨਹੀਂ ਦੇਵੇਗੀ?
ਵੀਰਾਂ ਸੰਦੀਪ ਦੇ ਕਥਨ ਨੂੰ ਚੁਣੌਤੀ ਵੀ ਦਿੰਦੀ ਹੈ ਤੇ ਨਾਲ ਹੁੰਦਿਆਂ ਸਟੇਟ ਦੇ ਖ਼ੌਫ਼ ਦਾ ਮੁਜ਼ਾਹਰਾ ਵੀ ਕਰਦੀ ਹੈ। ਇੱਕ ਪਾਸੇ ਵਿਦਿਆਰਥੀ ਅੰਦੋਲਨ ਤੇ ਦੂਸਰੇ ਪਾਸੇ ਸਟੇਟ। ਨਾਵਲ ਦਾ ਥੀਮ ਤੇ ਨਾਵਲਕਾਰ ਦਾ ਨਾਵਲ ਲਿਖਣ ਦਾ ਭੇਤ ਜਾਣਨ ਲਈ ਇਹ ਪ੍ਰਵਚਨ ਦੇਣਾ ਕੁਥਾਂ ਨਹੀਂ ਹੋਵੇਗਾ: ਸ਼ਿਵ ਦੇ ਜੀਵਨ ਮੁੱਲ, ਉਸ ਦੀ ਨੈਤਿਕਤਾ, ਉਸ ਦੇ ਸੱਭਿਆਚਾਰ, ਯੁੱਧ ਕਲਾ, ਸਭ ਤੋਂ ਵੱਡੀ ਗੱਲ ਉਸ ਦੀ ਯੁੱਧ ਕਰਨ ਦੀ ਖਾਹਿਸ਼ ਹੀ ਲੋਕ-ਮਨਾਂ ’ਚੋਂ ਮਿਟਾ ਦਿੱਤੀ ਗਈ ਹੈ।
ਨਾਵਲਕਾਰ ਅਜੋਕੇ ਸੰਘਰਸ਼ ਨੂੰ ਨਵੇਂ ਅਰਥ ਪ੍ਰਦਾਨ ਕਰਨ ਲਈ ਸ਼ਿਵ ਦੇ ਸਜੀਵ ਪੱਖ ਨੂੰ ਉਭਾਰ ਕੇ ਲੋਕ ਚੇਤਨਾ ਪੈਦਾ ਕਰਨ ਦੀ ਚਾਹਤ ਰੱਖਦਾ ਹੈ। ਨਾਵਲ ਵਿੱਚ ਹੋਰ ਵੀ ਬਹੁਤ ਕੁਝ ਅਜਿਹਾ ਹੈ ਜਿਸ ਨੂੰ ਪੜ੍ਹ ਕੇ ਹੀ ਜਾਣਿਆ ਜਾ ਸਕਦਾ ਹੈ। ਨਾਵਲ ਦੀ ਸਰਲ ਭਾਸ਼ਾ ਪੋਂਹਦੀ ਹੈ ਤੇ ਪਾਤਰ ਆਪੋ ਆਪਣੇ ਢੰਗ ਨਾਲ ਆਪਣਾ ਮੂੰਹ ਹਿਲਾਉਂਦੇ ਤੇ ਬੋਲਦੇ ਹਨ, ਪਰ ਨਾਵਲ ਕੋਈ ਸੰਘਣਾ ਬਿਰਤਾਂਤ ਸਿਰਜਦਾ ਨਹੀਂ ਜਾਪਦਾ। ਇਸ ਦੇ ਬਾਵਜੂਦ ਨਾਵਲਕਾਰ ਜੋ ਕਹਿਣਾ ਚਾਹੁੰਦਾ ਹੈ ਉਹ ਕਹਿਣ ਵਿੱਚ ਸਫਲ ਰਿਹਾ ਹੈ। ਨਾਵਲ ਦੇ ਅੰਤ ਵਿੱਚ ਚਿਹਨਕ ਅੰਦਾਜ਼ ਵਿੱਚ ਮਨਬਚਨੀ ਨਾਲ ਬੁਲਵਾਇਆ ਸੰਵਾਦ ਗੌਲਣਯੋਗ ਬਣਦਾ ਹੈ: ਇਹ ਮੇਰੀ ਐਨਕ ਨਹੀਂ, ਇਹ ਮੇਰੀ ਦੁਨੀਆ ਨੂੰ ਆਪਣੇ ਹੀ ਢੰਗ ਨਾਲ ਵੇਖਣ ਦੀ ਨਜ਼ਰ ਤੇ ਨਜ਼ਰੀਆ ਹੈ। ਇਸ ਨੂੰ ਧਰਤੀ ਤੋਂ ਚੁੱਕ ਕੇ ਆਸਮਾਨ ਤਕ ਮੈਂ ਖ਼ੁਦ ਲੈ ਕੇ ਜਾਣਾ ਹੈ। ਇਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ।
ਕਵੀ ਤੇ ਸੰਪਾਦਕ ਤੋਂ ਨਾਵਲਕਾਰੀ ਦੇ ਖੇਤਰ ਵਿੱਚ ਦਾਖ਼ਲ ਹੋਏ ਸੁਖਵਿੰਦਰ ਪੱਪੀ ਨੇ ਆਪਣੀ ਸੱਚੀ-ਸੁੱਚੀ ਭਾਵਨਾ ਨਾਲ ਇਹ ਨਾਵਲ ਲਿਖਿਆ ਤੇ ਪਾਠਕਾਂ ਤੱਕ ਅੱਪੜਦਾ ਕੀਤਾ ਹੈ ਜਿਸ ਨੂੰ ਪੜ੍ਹਨਾ ਤੇ ਵਿਚਾਰਨਾ ਬਣਦਾ ਹੈ।
ਸੰਪਰਕ: 98145-07693