ਪੱਤਰ ਪ੍ਰੇਰਕ
ਜੀਂਦ, 14 ਜਨਵਰੀ
ਸੀਨੀਅਰ ਕਾਂਗਰਸੀ ਆਗੂ ਪਵਨ ਗਰਗ ਨੇ ਦੱਸਿਆ ਹੈ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ 15 ਜਨਵਰੀ ਨੂੰ ਜੀਂਦ ਵਿੱਚ ਹਰ ਘਰ ਕਾਂਗਰਸ, ਘਰ ਘਰ ਕਾਂਗਰਸ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਉਹ ਜੀਂਦ ਦੇ ਘੰਟਾਘਰ ਚੌਕ ਤੋਂ ਝਾਂਜ ਗੇਟ ਤੱਕ ਡੋਰ-ਟੂ-ਡੋਰ ਲੋਕਾਂ ਨਾਲ ਰੂ-ਬ-ਰੂ ਹੋਣਗੇ। ਸ੍ਰੀ ਗਰਗ ਨੇ ਦੱਸਿਆ ਕਿ 15 ਜਨਵਰੀ ਨੂੰ ਭੁਪਿੰਦਰ ਸਿੰਘ ਹੁੱਡਾ ਦਿੱਲੀ ਤੋਂ ਜੀਂਦ ਦੇ ਰੈਸਟ ਹਾਊਸ ਵਿੱਚ ਦੁਪਿਹਰ 12 ਵਜੇ ਪਹੁੰਚਣਗੇ ਤੇ ਲਗਭਗ ਇੱਕ ਵਜੇ ਹੁੱਡਾ ਜੀਂਦ ਦੇ ਟਾਊਨ ਹਾਲ-ਘੰਟਾਘਰ ਚੌਕ ਤੋਂ ਹਰ ਘਰ ਕਾਂਗਰਸ-ਘਰ ਘਰ ਕਾਂਗਰਸ ਦੀ ਮੁਹਿੰਮ ਸੁਰੂ ਕਰਨਗੇ। ਇਸ ਦੌਰਾਨ ਹੁੱਡਾ ਘੰਟਾ ਘਰ ਚੌਕ ਉੱਤੇ ਲੱਗੀ ਮਹਾਰਾਜਾ ਅਗਰਸੈਨ ਦੀ ਮੂਰਤੀ ਉੱਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਤੋਂ ਬਾਅਦ ਫਿਰ ਉਹ ਘੰਟਾ ਘਰ ਚੌਕ ਤੋਂ ਫੁਹਾਰਾ ਚੌਕ, ਸਿਟੀ ਥਾਣਾ, ਮੇਨ ਬਾਜ਼ਾਰ, ਪੰਜਾਬੀ ਬਾਜ਼ਾਰ ਤੋਂ ਹੁੰਦੇ ਹੋਏ ਝਾਂਜ ਗੇਟ ਉੱਤੇ ਪਹੁੰਚਕੇ ਲੋਕਾਂ ਨਾਲ ਰੁੂ-ਬ-ਰੂ ਹੋਣਗੇ। ਇਸ ਦੌਰਾਨ ਉਹ ਵਪਾਰੀਆਂ, ਕਰਮਚਾਰੀਆਂ, ਮਹਿਲਾਵਾਂ, ਨੌਜਵਾਨਾ ਅਤੇ ਸਮਾਜ ਦੇ ਹੋਰ ਵਰਗ ਦੇ ਲੋਕਾਂ ਅੱਗੇ ਕਾਂਗਰਸ ਸਰਕਾਰ ਦੀਆਂ ਨੀਤੀਆਂ, ਸਕੰਲਪਾਂ ਦੇ ਨਾਲ-ਨਾਲ ਭਾਜਪਾ ਸਰਕਾਰ ਦੀ ਪੋਲ ਵੀ ਖੋਲ੍ਹਣ ਦਾ ਕੰਮ ਕਰਨਗੇ। ਪਵਨ ਗਰਗ ਨੇ ਦੱਸਿਆ ਕਿ ਭੁਪਿੰਦਰ ਸਿੰਘ ਹੁੱਡਾ ਜੀਂਦ ਦੀ ਧਰਤੀ ਨੂੰ ਆਪਣੀ ਕਰਮਭੂਮੀ ਮੰਨਦੇ ਹਨ ਅਤੇ ਪਹਿਲਾਂ ਵੀ ਜੀਂਦ ਦੀ ਧਰਤੀ ਨੂੰ ਹੀ ਆਪਣੇ ਸੰਘਰਸ਼ ਲਈ ਚੁਣਿਆ ਸੀ ਜਦੋਂਕਿ ਇਸ ਵਾਰ ਵੀ ਇਨ੍ਹਾਂ ਨੇ ਜੀਂਦ ਦੀ ਧਰਤੀ ਨੂੰ ਇਸ ਮੁਹਿੰਮ ਲਈ ਚੁਣਿਆ ਹੈ।