ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਦਿੱਲੀ ਭਾਜਪਾ ਨੇ ਅੱਜ ਵੱਖ-ਵੱਖ ਖੇਤਰਾਂ ਸਥਿਤ ਮੰਦਰਾਂ ਵਿੱਚ ਸਫ਼ਾਈ ਮੁਹਿੰਮ ਚਲਾਈ। ਦਿੱਲੀ ਭਾਜਪਾ ਇੰਚਾਰਜ ਬੈਜਯੰਤ ਜੈ ਪਾਂਡਾ ਨੇ ਅੱਜ ਝੰਡੇਵਾਲਨ ਦੇਵੀ ਮੰਦਰ ਵਿੱਚ ਸਫਾਈ ਕੀਤੀ ਅਤੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਪ੍ਰੀਤ ਵਿਹਾਰ ਸਥਿਤ ਦੁਰਗਾ ਮੰਦਰ ਵਿੱਚ ਸਫਾਈ ਕੀਤੀ।
ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਸਥਾਨਕ ਵਰਕਰਾਂ ਦੇ ਨਾਲ ਮਹਿਰੌਲੀ ਦੇ ਯੋਗਮਾਇਆ ਮੰਦਰ ਵਿੱਚ ਸਫਾਈ ਦਾ ਕੰਮ ਕੀਤਾ। ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਗੁਫਾ ਮੰਦਿਰ, ਸ਼ਾਲੀਮਾਰ ਬਾਗ ਅਤੇ ਸਾਂਸਦ ਰਮੇਸ਼ ਬਿਧੂੜੀ ਨੇ ਤੁਗਲਕਾਬਾਦ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸਫ਼ਾਈ ਮੁਹਿੰਮ ਚਲਾਈ।
ਦਿੱਲੀ ਭਾਜਪਾ ਦੇ ਜਨਰਲ ਸਕੱਤਰ ਹਰਸ਼ ਮਲਹੋਤਰਾ ਨੇ ਸੰਤੋਸ਼ੀ ਮਾਤਾ ਮੰਦਿਰ ਨਵੀਨ ਸ਼ਾਹਦਰਾ, ਜਨਰਲ ਸਕੱਤਰ ਯੋਗੇਂਦਰ ਚੰਦੋਲੀਆ ਨੇ ਬਾਬਾ ਰਾਮਦੇਵ ਮੰਦਰ ਕਰੋਲ ਬਾਗ ਅਤੇ ਮੀਤ ਪ੍ਰਧਾਨ ਗਜੇਂਦਰ ਯਾਦਵ ਨੇ ਝੰਡੇਵਾਲ ਮੰਦਰ ਵਿੱਚ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਦਿੱਲੀ ਭਾਜਪਾ ਦੇ ਘੱਟ ਗਿਣਤੀ ਮੋਰਚਾ ਦੇ ਪ੍ਰਧਾਨ ਅਨੀਸ ਅੱਬਾਸੀ ਦੇ ਨਾਲ ਮੋਰਚਾ ਵਰਕਰ ਜਾਮਾ ਮਸਜਿਦ ਦੇ ਗੇਟ ਨੰਬਰ 1 ‘ਤੇ ਇਕੱਠੇ ਹੋਏ।
ਬੈਜਯੰਤ ਜੈ ਪਾਂਡਾ ਨੇ ਦਿੱਲੀ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 14 ਜਨਵਰੀ ਤੋਂ 22 ਜਨਵਰੀ ਤੱਕ ਆਪਣੇ ਨੇੜਲੇ ਮੰਦਰਾਂ ਦੀ ਸਫਾਈ ਅਤੇ ਸੁੰਦਰੀਕਰਨ ਲਈ ਕਿਰਤ ਦਾਨ ਕਰਨ ਅਤੇ 22 ਜਨਵਰੀ ਨੂੰ ਆਪਣੇ ਘਰਾਂ ਵਿੱਚ ‘ਸ੍ਰੀ ਰਾਮ ਜੋਤੀ’ ਦਾ ਪ੍ਰਕਾਸ਼ ਕਰਕੇ ਭਗਵਾਨ ਰਾਮ ਦੀ ਪੂਜਾ ਕਰਨ।
ਵਰਿੰਦਰ ਸਚਦੇਵਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਰੇ ਧਾਰਮਿਕ ਸਥਾਨਾਂ ਵਿੱਚ ਸਫਾਈ ਮੁਹਿੰਮ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਦੇ ਵਰਕਰ ਪੂਰੀ ਤਿਆਰੀ ਨਾਲ ਸਫਾਈ ਮੁਹਿੰਮ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਾਰੇ ਸੰਸਦ ਮੈਂਬਰ, ਭਾਜਪਾ ਦੇ ਵਿਧਾਇਕ ਤੇ ਨਿਗਮ ਕੌਂਸਲਰ ਆਪਣੇ ਇਲਾਕੇ ਦੇ ਵੱਡੇ ਮੰਦਰਾਂ ਜਾਂ ਧਾਰਮਿਕ ਸਥਾਨਾਂ ਦੀ ਸਫਾਈ ਲਈ ਆਪਣੀ ਕਿਰਤ ਦਾਨ ਕਰ ਰਹੇ ਹਨ। ਇਸ ਦੌਰਾਨ ਦਿੱਲੀ ਪ ਪ੍ਰਦੇਸ਼ ਭਾਜਪਾ ਦੇ ਸੀਨੀਅਰ ਆਗੂਆਂ ਨੇ ਵਰਕਰਾਂ ਤੇ ਹੋਰ ਲੋਕਾਂ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।