ਟ੍ਰਿਬਿਊਨ ਨਿਊਜ ਸਰਵਿਸ
ਚੰਡੀਗੜ੍ਹ, 16 ਜਨਵਰੀ
ਪੰਜਾਬ ਪੁਲੀਸ ਵੱਲੋਂ ਕੌਮੀ ਸੜਕ ਸੁਰੱਖਿਆ ਮਹੀਨੇ ਦੌਰਾਨ ਆਪਣਾ ਪਹਿਲਾ ਰੋਡ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਵਾਹਨ ਜੋ ਵਿਗਿਆਨਕ ਤਰੀਕੇ ਨਾਲ ਹਾਦਸੇ ਦੇ ਮੂਲ ਕਾਰਨਾਂ ਦੀ ਜਾਂਚ ਤੇ ਪਛਾਣ ਕਰਨ ਲਈ ਸਮਰੱਥ ਹੈ, ਲਾਂਚ ਕੀਤਾ ਗਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਵਾਹਨ ਮਸਨੂਈ ਬੌਧਿਕਤਾ ਤੇ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਜਿਸ ਵਿੱਚ ਕਰੈਸ਼ ਇਨਵੈਸਟੀਗੇਸ਼ਨ ਕਿੱਟ, ਮੂਵਿੰਗ ਲੋਕੇਸ਼ਨ ਅਧਾਰਿਤ ਵੀਡੀਓ ਕੈਪਚਰ, ਜੀਓਗ੍ਰਾਫਿਕ ਲੋਕੇਸ਼ਨ ਲਿੰਕੇਜ ਵਾਲਾ ਸਪੀਡ ਕੈਮਰਾ, ਖੇਤਰ-ਅਧਾਰਿਤ ਵੀਡੀਓਗ੍ਰਾਫੀ ਲਈ ਡਰੋਨ, ਡਿਜੀਟਲ ਡਿਸਟੋਮੀਟਰ ਤੇ ਈ-ਡਾਰ ਡਾਟਾ ਕੁਲੈਕਸ਼ਨ ਸ਼ਾਮਲ ਹੈ। ਯਾਦਵ ਮੁਤਾਬਕ, ‘‘ਵਿਗਿਆਨਕ ਜਾਂਚ ਸਾਨੂੰ ਹਾਦਸਿਆਂ ਦੇ ਮੂਲ ਕਾਰਨ ਦਾ ਪਤਾ ਲਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ ਭਾਵੇਂ ਇਹ ਕਾਰਨ ਸੜਕ ਦੇ ਬੁਨਿਆਦੀ ਢਾਂਚੇ, ਵਾਹਨਾਂ ਜਾਂ ਮਨੁੱਖੀ ਗਲਤੀ ਨਾਲ ਸਬੰਧਤ ਹੋਵੇ। ਏਡੀਜੀਪੀ ਟ੍ਰੈਫਿਕ ਏ.ਐੱਸ. ਰਾਏ ਨੇ ਸ਼ੁਰੂਆਤੀ ਤੌਰ ’ਤੇ ਇਸ ਵਾਹਨ ਨੂੰ ਰੋਪੜ ਪੁਲੀਸ ਰੇਂਜ ਵਿੱਚ ਤਾਇਨਾਤ ਕੀਤਾ ਜਾਵੇਗਾ।