ਸ਼ਗਨ ਕਟਾਰੀਆ
ਬਠਿੰਡਾ, 17 ਜਨਵਰੀ
ਪੁਲੀਸ ਕੇਸਾਂ ’ਚ ਥਾਣਿਆਂ ’ਚ ਖੜੇ 249 ਵਾਹਨਾਂ ਨੂੰ ਵੇਚਣ ਲਈ ਪੁਲੀਸ ਵਿਭਾਗ ਵੱਲੋਂ ਇਥੇ ਪੁਲੀਸ ਲਾਈਨਜ਼ ਵਿਚ ਖੁੱਲ੍ਹੀ ਬੋਲੀ ਕਰਵਾਈ ਗਈ ਹਾਲਾਂਕਿ ਇਨ੍ਹਾਂ ਦੀ ਰਾਖ਼ਵੀਂ ਕੀਮਤ 39,63,950 ਰੁਪਏ ਤੈਅ ਕੀਤੀ ਗਈ ਸੀ, ਪਰ ਬੋਲੀਕਾਰਾਂ ਨੇ ਦਿਲਚਸਪੀ ਵਿਖਾਉਂਦਿਆਂ ਇਨ੍ਹਾਂ ਵਾਹਨਾਂ ਨੂੰ 45.80 ਲੱਖ ਰੁਪਏ ਵਿੱਚ ਖ਼ਰੀਦਿਆ। ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਿਆਂ ਵਿੱਚ ਵੱਖ-ਵੱਖ ਮੁਕੱਦਮਿਆਂ ਦੇ ਕਾਫ਼ੀ ਗਿਣਤੀ ’ਚ ਵਹੀਕਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਹੀਕਲਾਂ ਨਾਲ ਸਬੰਧਤ ਮੁੱਕਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪਰ ਕਿਸੇ ਵਿਅਕਤੀ ਵੱਲੋਂ ਇਹ ਵ ਕਲਾਂ ਨੇ ਥਾਣਿਆਂ ਵਿੱਚ ਕਾਫ਼ੀ ਜਗ੍ਹਾ ਘੇਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ‘ਵਹੀਕਲ ਡਿਸਪੋਜਲ ਕਮੇਟੀ’ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਂਦਿਆਂ ਇਹ ਬੋਲੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚਲੇ ਥਾਣਾ ਕੋਤਵਾਲੀ, ਰਾਮਾਂ, ਬਾਲ਼ਿਆਂ ਵਾਲੀ, ਤਲਵੰਡੀ ਸਾਬੋ, ਕੋਟਫੱਤਾ, ਦਿਆਲਪੁਰਾ, ਮੌੜ, ਨਥਾਣਾ, ਨੰਦਗੜ੍ਹ ਅਤੇ ਥਾਣਾ ਥਰਮਲ ਵਿੱਚ ਖੜੇ੍ਹ ਕੁੱਲ 126 ਫੈਸਲਾਸ਼ੁਦਾ ਮੁੱਕਦਮਿਆਂ ਵਿੱਚ ਬਰਾਮਦਸ਼ੁਦਾ 249 ਵਹੀਕਲਾਂ ਨੂੰ ਖੁੱਲ੍ਹੀ ਬੋਲੀ ਰਾਹੀਂ ਨਿਲਾਮ ਕੀਤਾ ਗਿਆ ਹੈ।
ਐਸਐਸਪੀ ਅਨੁਸਾਰ 170 ਦੋਪਹੀਆ ਅਤੇ 79 ਚੌਪਹੀਆ ਵਾਹਨ ਸਨ। ਕਮੇਟੀ ਵੱਲੋਂ ਇਨ੍ਹਾਂ ਦਾ ਰਾਖ਼ਵਾਂ ਮੁੱਲ 39,63,950 ਰੁਪਏ ਨਿਰਧਾਰਿਤ ਕੀਤਾ ਗਿਆ ਸੀ, ਜਦ ਕਿ ਬੋਲੀ ਰਾਹੀਂ ਇਨ੍ਹਾਂ ਨੂੰ 45,80,000 ਰੁਪਏ ਵਿੱਚ ਨਿਲਾਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਾਰੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਜਮਾਂ ਕਰਵਾਈ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ, ਜੋ ਜਲਦੀ ਹੀ ਨਿਲਾਮ ਕੀਤੇ ਜਾਣਗੇ। ਦੱਸ ਦੇਈਏ ਕਿ ਨਿਲਾਮ ਕੀਤੇ ਵਾਹਨ ਸਿਰਫ ਕਬਾੜ ਸਨ। ਇਹ ਬਗ਼ੈਰ ਦਸਤਾਵੇਜ਼ਾਂ ਤੋਂ ਅਤੇ ਨਾ-ਵਰਤੋਂ ਯੋਗ ਸਨ।