ਮੁੰਬਈ: ਫਿਲਮ ‘ਭਕਸ਼ਕ’ ਵਿੱਚ ਅਦਾਕਾਰਾ ਭੂਮੀ ਪੇਡਨੇਕਰ ਖੋਜੀ ਪੱਤਰਕਾਰ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਪੁਲਕਿਤ ਵੱਲੋਂ ਨਿਰਦੇਸ਼ਿਤ ਇਹ ਫਿਲਮ ਅਸਲ ਜ਼ਿੰਦਗੀ ’ਚ ਵਾਪਰੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਫਿਲਮ ਵਿੱਚ ਸੰਜੈ ਮਿਸ਼ਰਾ, ਆਦਿਤਿਆ ਸ੍ਰੀਵਾਸਤਵ ਤੇ ਸਾਈ ਤਮਹਨਕਾਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ‘ਭਕਸ਼ਕ’ ਇੱਕ ਔਰਤ ਵੱਲੋਂ ਇਨਸਾਫ਼ ਲੈਣ ਲਈ ਲੜੀ ਗਈ ਕਹਾਣੀ ਹੈ। ਖੋਜੀ ਪੱਤਰਕਾਰ ਵੈਸ਼ਾਲੀ ਸਿੰਘ ਦੀ ਭੂਮਿਕਾ ਵਿੱਚ ਭੂਮੀ ਪੇਡਨੇਕਰ ਇੱਕ ਗੰਭੀਰ ਅਪਰਾਧ ਦੀਆਂ ਲੁਕੀਆਂ ਹੋਈਆਂ ਪਰਤਾਂ ਉਭਾਰ ਕੇ ਔਰਤਾਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਦਾ ਪਰਦਾਫਾਸ਼ ਕਰਦੀ ਹੈ। ਫਿਲਮ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਪੁਲਕਿਤ ਨੇ ਕਿਹਾ, ‘‘ਸਾਡਾ ਉਦੇਸ਼ ਸਮਾਜ ਵਿੱਚਲੇ ਕੌੜੇ ਸੱਚ ਨੂੰ ਉਜਾਗਰ ਕਰਕੇ ਇਸ ਵਿੱਚ ਬਦਲਾਅ ਲਈ ਲੋੜੀਂਦਾ ਸੰਵਾਦ ਰਚਾਉਣਾ ਹੈ। ਮੈਨੂੰ ਆਸ ਹੈ ਕਿ ਵੱਧ ਤੋਂ ਵੱਧ ਲੋਕ ਇਸ ਮਹੱਤਵਪੂਰਨ ਸੰਵਾਦ ਵਿੱਚ ਭਾਗੀਦਾਰ ਬਣਨਗੇ।’’ ਇਹ ਫਿਲਮ ਰੈੱਡ ਚਿਲੀਜ਼ ਐਂਟਰਟੇਨਮੈਂਟ ਵੱਲੋਂ ਬਣਾਈ ਗਈ ਹੈ। ਨੈੱਟਫਲਿਕਸ ਨਾਲ ਸਾਂਝੀਦਾਰੀ ਵਿੱਚ ਇਸ ਫਿਲਮ ਨੂੰ ਡਿਜੀਟਲ ਪਲੈਟਫਾਰਮ ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਫਿਲਮ 9 ਫਰਵਰੀ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ