ਬੇਅੰਤ ਸਿੰਘ ਸੰਧੂ
ਪੱਟੀ, 18 ਜਨਵਰੀ
ਇੱਥੋਂ ਦੇ ਸਰਹਾਲੀ ਰੋਡ ਸਥਿਤ ਲਾਈਫ ਕੇਅਰ ਇਲੈਕਟ੍ਰੋ ਹੋਮਿਓਪੈਥੀ ਕਲੀਨਿਕ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਨੇ ਕਲੀਨਿਕ ਦੇ ਦੋ ਸਹਾਇਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਅੱਜ ਸ਼ਾਮ ਵੇਲੇ ਲਗਪਗ ਤਿੰਨ ਵਜੇ ਵਾਪਰੀ। ਘਟਨਾ ਵਿੱਚ ਜ਼ਖ਼ਮੀਆਂ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਦਦੇਹਰ ਸਾਹਿਬ ਅਤੇ ਸ਼ਿਵਾਤਾ ਸ਼ਰਮਾ ਪੁੱਤਰੀ ਕੁਲਵੰਤ ਰਾਏ ਵਾਸੀ ਪੱਟੀ ਵਜੋਂ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਸੰਧੂ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਹੈ। ਪੀੜਤਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਗੋਲੀ ਦੀ ਵਾਰਦਾਤ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਨਿੱਜੀ ਰਿਹਾਇਸ਼ ਤੋਂ ਮਹਿਜ਼ 500 ਮੀਟਰ ਦੂਰੀ ’ਤੇ ਵਾਪਰੀ। ਜ਼ਖ਼ਮੀ ਨਿਸ਼ਾਨ ਸਿੰਘ ਅਤੇ ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਲੀਨਿਕ ਅੰਦਰੋਂ ਕਿਸੇ ਕਿਸਮ ਦੀ ਲੁੱਟ-ਖੋਹ ਨਹੀਂ ਕੀਤੀ ਗਈ ਅਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਡਾਕਟਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਪੱਟੀ ਸ਼ਹਿਰ ਵਿੱਚ ਆਪਣੀ ਪ੍ਰਾਈਵੇਟ ਕਲੀਨਿਕ ਚਲਾ ਰਹੇ ਹਨ ਅਤੇ ਕਲੀਨਕ ਅੰਦਰ ਉਸ ਦਾ ਸਕਾ ਭਰਾ ਨਿਸ਼ਾਨ ਸਿੰਘ ਅਤੇ ਸ਼ਿਵਾਤਾ ਕੁਮਾਰੀ ਉਸ ਦੇ ਨਾਲ ਸਹਾਇਕ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਨ੍ਹਾਂ ਦੀ ਕਲੀਨਿਕ ਸਾਹਮਣੇ ਆਏ ਅਤੇ ਨਕਾਬਪੋਸ਼ ਇੱਕ ਨੌਜਵਾਨ ਕਲੀਨਿਕ ਅੰਦਰ ਦਾਖ਼ਲ ਹੋਇਆ ਅਤੇ ਉਸ ਨੇ ਨਿਸ਼ਾਨ ਸਿੰਘ ਨੂੰ ਉਸ ਦਾ ਨਾਮ ਪੁੱਛ ਕੇ ਉਸ ਦੇ ਪਿਸਤੌਲ ਨਾਲ ਤਿੰਨ ਗੋਲੀਆਂ ਮਾਰੀਆਂ ਅਤੇ ਗੋਲੀਆ ਲੱਗਣ ਕਰਕੇ ਨਿਸ਼ਾਨ ਸਿੰਘ ਅਤੇ ਸ਼ਿਵਾਤਾ ਕੁਮਾਰੀ ਜ਼ਖ਼ਮੀ ਹੋ ਗਏ। ਡੀਐੱਸਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਲੁਟੇਰਿਆਂ ਨੇ ਮਠਿਆਈ ਦੀ ਦੁਕਾਨ ਦੇ ਮਾਲਕ ’ਤੇ ਗੋਲੀ ਚਲਾਈ
ਸ਼ਾਹਕੋਟ (ਪੱਤਰ ਪ੍ਰੇਰਕ): ਪਿੰਡ ਰੂਪੇਵਾਲ ਦੇ ਬੱਸ ਅੱਡੇ ਸਥਿਤ ਇਕ ਮਠਿਆਈ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰਿਆਂ ਨੇ ਦੁਕਾਨ ਮਾਲਕ ’ਤੇ ਗੋਲੀ ਚਲਾ ਦਿੱਤੀ। ਇਸ ਸਬੰਧੀ ਦੁਕਾਨ ਮਾਲਕ ਹਰਜੀਤ ਸਿੰਘ ਪੂਨੀ ਨੇ ਦੱਸਿਆ ਕਿ ਦੇਰ ਰਾਤ ਉਸ ਦੀ ਦੁਕਾਨ ’ਤੇ ਚਿੱਟੇ ਰੰਗ ਦੀ ਕਾਰ ’ਚ ਪਿਸਤੌਲਾਂ ਨਾਲ ਲੈਸ ਚਾਰ ਲੁਟੇਰੇ ਆਏ। ਲੁਟੇਰਿਆਂ ਨੇ ਉਸ ਦੇ ਪੁੱਤਰ ਨਵਦੀਪ ਸਿੰਘ ਪੂਨੀ ਨੂੰ ਸਾਰਾ ਕੈਸ਼ ਦੇਣ ਲਈ ਧਮਕਾਇਆ। ਇਸੇ ਦੌਰਾਨ ਜਦੋਂ ਉਸ ਨੇ ਆਪਣੇ ਇਕ ਕਰਿੰਦੇ ਨੂੰ ਆਵਾਜ਼ ਮਾਰੀ ਤਾਂ ਲੁਟੇਰਿਆਂ ਨੇ ਉਸ ਦੇ ਪੁੱਤਰ ’ਤੇ ਗੋਲੀ ਚਲਾ ਦਿੱਤੀ। ਉਸ ਨੇ ਦੱਸਿਆ ਕਿ ਉਹ ਗੋਲੀ ਤੋਂ ਬਚਣ ਲਈ ਹੇਠਾਂ ਬੈਠ ਗਿਆ ਜਿਸ ਕਾਰਨ ਗੋਲੀ ਉਸ ਉਪਰੋਂ ਲੰਘ ਕੇ ਵਿਲਿੰਗ ਮਸ਼ੀਨ ਵਿਚ ਜਾ ਵੱਜੀ। ਗੋਲੀ ਚਲਾਉਣ ਸਾਰ ਹੀ ਲੁਟੇਰੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਡੀਐੱਸਪੀ ਨਰਿੰਦਰ ਸਿੰਘ ਔਜਲਾ, ਐੱਸਐੱਚਓ ਸ਼ਾਹਕੋਟ ਸੁਖਜੀਤ ਸਿੰਘ ਅਤੇ ਚੌਕੀ ਇਚਾਰਜ ਮਲਸੀਆਂ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਘਟਨਾ ਦੀ ਜਾਣਕਾਰੀ ਪ੍ਰਾਪਤ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਡੀਐੱਸਪੀ ਔਜਲਾ ਨੇ ਕਿਹਾ ਕਿ ਉਹ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਕਰ ਰਹੇ ਹਨ। ਘਟਨਾ ਦਾ ਸੁਰਾਗ ਮਿਲਣ ’ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।