ਵਡੋਦਰਾ, 19 ਜਨਵਰੀ
ਗੁਜਰਾਤ ਪੁਲੀਸ ਵੱਲੋਂ ਵਡੋਦਰਾ ਨੇੜੇ ਵਾਪਰੇ ਕਿਸ਼ਤੀ ਹਾਦਸੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗੈਰ-ਇਰਾਦਾ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲੀਸ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਵਡੋਦਰਾ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਹਰਨੀ ਝੀਲ ਵਿੱਚ ਵੀਰਵਾਰ ਨੂੰ ਵਾਪਰੇ ਇਸ ਹਾਦਸੇ ਵਿੱਚ 12 ਵਿਦਿਆਰਥੀਆਂ ਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ ਸੀ ਜਦਕਿ 18 ਹੋਰ ਵਿਦਿਆਰਥੀਆਂ ਤੇ ਦੋ ਅਧਿਆਪਕਾਂ ਨੂੰ ਬਚਾਅ ਲਿਆ ਗਿਆ ਸੀ। ਇਹ ਵਿਦਿਆਰਥੀ ਪਿਕਨਿਕ ਲਈ ਗਏ ਹੋਏ ਸਨ। ਹਰਨੀ ਪੁਲੀਸ ਨੇ ਕੋਟੀਆ ਪ੍ਰਾਜੈਕਟਸ ਦੇ ਭਾਈਵਾਲਾਂ ਸਣੇ 18 ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 304 (ਗੈਰ-ਇਰਾਦਾ ਕਤਲ) ਅਤੇ 308 (ਗੈਰ ਇਰਾਦਾ ਕਤਲ ਦੀ ਕੋਸ਼ਿਸ਼) ਤਹਿਤ ਐੱਫਆਈਆਰ ਦਰਜ ਕਰ ਲਈ ਹੈ। ਡੀਸੀਪੀ ਪੰਨਾ ਮੋਮਾਯਾ ਨੇ ਕਿਹਾ, ‘‘ਅਸੀਂ ਹਰਨੀ ਝੀਲ ਜ਼ੋਨ ਦੇ ਮੈਨੇਜਰ ਸ਼ਾਂਤੀ ਲਾਲ ਸੋਲੰਕੀ ਅਤੇ ਦੋ ਕਿਸ਼ਤੀ ਚਾਲਕਾਂ ਨਯਨ ਗੋਹਿਲ ਤੇ ਅੰਕਿਤ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੇ ਹਾਂ। ਹੋਰ ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਹਾਦਸੇ ਵਿੱਚ 12 ਵਿਦਿਆਰਥੀਆਂ ਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ ਸੀ। ਝੀਲ ਵਿੱਚ ਬਚਾਅ ਕਾਰਜ ਵੀਰਵਾਰ ਰਾਤ ਨੂੰ ਖ਼ਤਮ ਹੋ ਗਿਆ ਸੀ।’’ ਇਸ ਵਿਚਾਲੇ, ਕੁਝ ਪਰਿਵਾਰਾਂ ਨੇ ਹਾਦਸੇ ਵਿੱਚ ਮਰਨ ਵਾਲੇ ਆਪਣੇ ਬੱਚਿਆਂ ਦਾ ਵੀਰਵਾਰ ਦੇਰ ਰਾਤ ਅੰਤਿਮ ਸੰਸਕਾਰ ਕਰ ਦਿੱਤਾ। ਐੱਫਆਈਆਰ ਮੁਤਾਬਕ ਕੋਟੀਆ ਪ੍ਰਾਜੈਕਟਸ ਨੂੰ 2017 ਵਿੱਚ ਵਡੋਦਰਾ ਨਗਰ ਨਿਗਮ ਵੱਲੋਂ ਮਨੋਰੰਜਨ ਕੇਂਦਰ, ਹਰਨੀ ਝੀਲ ਜ਼ੋਨ ਨੂੰ ਚਲਾਉਣ ਅਤੇ ਰੱਖ-ਰਖਾਓ ਦਾ ਠੇਕਾ ਦਿੱਤਾ ਗਿਆ ਸੀ। -ਪੀਟੀਆਈ