ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜਨਵਰੀ
ਭਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਬਾਲ ਸਾਹਿਤ ਦੀ ਪੁਸਤਕ ਲਈ ਦਿੱਤਾ ਜਾਂਦਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਯਾਦਗਾਰੀ ਪੁਰਸਕਾਰ ਗੁਰਮੀਤ ਕੜਿਆਲਵੀ ਨੂੰ ਉਨ੍ਹਾਂ ਦੇ ਬਾਲ ਨਾਟਕ ‘ਸ਼ੇਰ ਸ਼ਾਹ ਸੂਰੀ’ ਲਈ ਦਿੱਤਾ ਗਿਆ। ਇਹ ਪੁਰਸਕਾਰ ਸਥਾਨਕ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਭੇਟ ਕੀਤਾ ਗਿਆ। ਲੇਖਕ ਕੇਐੱਲ.ਗਰਗ ਨੇ ਕਿਹਾ ਕਿ ਇਕ ਸਮਰੱਥ ਕਹਾਣੀਕਾਰ ਦੇ ਤੌਰ ’ਤੇ ਗੁਰਮੀਤ ਕੜਿਆਲਵੀ ਦੀ ਪਹਿਚਾਣ ਵਿਸ਼ਵ ਪੱਧਰ ’ਤੇ ਬਣ ਚੁੱਕੀ ਹੈ। ਸ਼੍ਰੋਮਣੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਕੜਿਆਲਵੀ ਦੀਆਂ ਕਹਾਣੀਆਂ ਵਿਚਲੇ ਆਮ ਸਾਧਾਰਨ ਵਰਗਾਂ ਵਿੱਚੋਂ ਲਏ ਗਏ ਯਥਾਰਥਕ ਪਾਤਰ ਸਮਾਜ ਵਿਚਲੇ ਦੱਬੇ ਕੁਚਲੇ ਵਰਗਾਂ ਨੂੰ ਆਪਣੀ ਹੋਂਦ ਅਤੇ ਸਵੈਮਾਣ ਦੀ ਰਾਖੀ ਲਈ ਪ੍ਰੇਰਦੇ ਹਨ। ਹਰਮੀਤ ਵਿਦਿਆਰਥੀ ਨੇ ਕਿਹਾ ਕਿ ਕਹਾਣੀ ਖੇਤਰ ਦੇ ਨਾਲ-ਨਾਲ ਕਵਿਤਾ ਦੇ ਖੇਤਰ ਵਿੱਚ ਵੀ ਗੁਰਮੀਤ ਕੜਿਆਲਵੀ ਨੇ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਇਸ ਮੌਕੇ ਜਸਵਿੰਦਰ ਰੱਤੀਆਂ, ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਰੀਦਕੋਟ ਮਨਜੀਤ ਪੁਰੀ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸੰਧੂ, ਪ੍ਰਿੰਸੀਪਲ ਕੁਮਾਰ ਜਗਦੇਵ, ਰਣਜੀਤ ਸਰਾਂਵਾਲੀ ਨੇ ਸੰਬੋਧਨ ਕੀਤਾ।