ਨਵੀਂ ਦਿੱਲੀ: ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਨੇ ਪਾਕਿਸਤਾਨ ਦੀ ਉੱਘੀ ਅਦਾਕਾਰਾ ਸਨਾ ਜਾਵੇਦ ਨਾਲ ਨਿਕਾਹ ਕਰ ਲਿਆ ਹੈ। ਇਹ ਸ਼ੋਏਬ ਦਾ ਤੀਜਾ ਅਤੇ ਸਨਾ ਦਾ ਦੂਜਾ ਵਿਆਹ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਜਦੋਂ ਸ਼ੋਇਬ ਤੇ ਉਸ ਦੀ ਪਤਨੀ ਭਾਰਤ ਦੀ ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ ਵੱਖ ਹੋਣ ਦੀਆਂ ਅਫਵਾਹਾਂ ਸਨ ਤਾਂ ਉਦੋਂ ਸ਼ੋਏਬ ਨੇ ਸਨਾ ਜਾਵੇਦ ਨੂੰ ਉਸ ਦੇ ਜਨਮ ਦਿਨ ’ਤੇ ਵਧਾਈ ਦਿੱਤੀ ਸੀ ਜਿਸ ਤੋਂ ਬਾਅਦ ਸਨਾ ਤੇ ਸ਼ੋਏਬ ਦੇ ਰਿਸ਼ਤੇ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਦੌਰ ਚੱਲਿਆ ਸੀ। ਸ਼ੋਇਬ ਨੇ ਅੱਜ ਇੰਸਟਾਗਰਾਮ ’ਤੇ ਸਨਾ ਨਾਲ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੂਜੇ ਪਾਸੇ ਸਨਾ ਨੇ ਵੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਹਨ। ਇੰਸਟਾਗਰਾਮ ’ਤੇ ਸਨਾ ਜਾਵੇਦ ਨੇ ਆਪਣਾ ਨਾਮ ਬਦਲ ਕੇ ਸਨਾ ਸ਼ੋਏਬ ਮਲਿਕ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਸ਼ੋਏਬ ਮਲਿਕ ਤੇ ਸਾਨੀਆ ਮਿਰਜ਼ਾ ਨੇ 12 ਅਪਰੈਲ 2010 ਨੂੰ ਹੈਦਰਾਬਾਦ ’ਚ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਸੀ। ਜਾਣਕਾਰੀ ਅਨੁਸਾਰ ਸ਼ੋਏਬ ਨੇ ਸਾਨੀਆ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਸਾਲ 2010 ’ਚ ਆਇਸ਼ਾ ਸਿੱਦੀਕੀ ਤੋਂ ਤਲਾਕ ਲਿਆ ਸੀ। ਉਧਰ, ਸਨਾ ਜਾਵੇਦ ਨੇ ਸਾਲ 2020 ਵਿੱਚ ਪਾਕਿਸਤਾਨੀ ਫ਼ਨਕਾਰ ਉਮਰ ਜੈਸਵਾਲ ਨਾਲ ਵਿਆਹ ਕਰਵਾਇਆ ਸੀ ਅਤੇ ਸਾਲ 2023 ਵਿਚ ਤਲਾਕ ਹੋ ਗਿਆ ਸੀ। -ਆਈਏਐੱਨਐੱਸ