ਤਿਰੂਚਿਰਾਪੱਲੀ, 20 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸ੍ਰੀ ਰੰਗਮ ਵਿੱਚ ਰਾਮਾਇਣ ਨਾਲ ਸਬੰਧਤ ਪ੍ਰਾਚੀਨ ਮੰਦਰ ਸ੍ਰੀ ਰੰਗਨਾਥਸਵਾਮੀ ਮੰਦਰ ਵਿੱਚ ਪੂਜਾ ਕੀਤੀ ਅਤੇ ਵਿਦਵਾਨਾਂ ਤੋਂ ‘ਕੰਬ’ ਰਾਮਾਇਣ ਦਾ ਪਾਠ ਸੁਣਿਆ। ਇਸ ਤੋਂ ਬਾਅਦ ਸ੍ਰੀ ਮੋਦੀ ਨੇ ‘ਅਗਨੀ ਤੀਰਥ’ ਸਮੁੰਦਰ ਤੱਟ ’ਤੇ ਪਵਿੱਤਰ ਇਸ਼ਨਾਨ ਕਰਨ ਤੋਂ ਬਾਅਦ ਰਾਮੇਸ਼ਵਰਮ ਦੇ ਭਗਵਾਨ ਰਾਮਨਾਥਸਵਾਮੀ ਮੰਦਰ ਵਿੱਚ ਵੀ ਪੂਜਾ ਕੀਤੀ। ਮੋਦੀ ਤਾਮਿਲਨਾਡੂ ਦੇ ਇਸ ਪ੍ਰਾਚੀਨ ਮੰਦਰ ਵਿੱਚ ਆਉਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਇਸ ਮੌਕੇ ਰਵਾਇਤੀ ਪੁਸ਼ਾਕ ‘ਵੇਸ਼ਟੀ’ (ਧੋਤੀ) ਪਹਿਨੀ ਹੋਈ ਸੀ ਅਤੇ ਅੰਗਵਸਤਰਮ (ਸ਼ਾਲ) ਲਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਭਗਵਾਨ ਵਿਸ਼ਨੂੰ ਦੇ ਮੰਦਰ ਵਿੱਚ ਪੂਜਾ ਕੀਤੀ। ਉਨ੍ਹਾਂ ਦੇ ਇਸ ਦੌਰੇ ’ਤੇ ਪੰਡਤਾਂ ਵੱਲੋਂ ਕੀਤੇ ਗਏ ਵੈਦਿਕ ਜਾਪ ਵਿਚਾਲੇ ਮੋਦੀ ਦਾ ‘ਪੂਰਨ ਕੁੰਭ’ ਸਮਾਰੋਹ ਨਾਲ ਸਵਾਗਤ ਕੀਤਾ ਗਿਆ। ਅਯੁੱਧਿਆ ਵਿੱਚ ਸੋਮਵਾਰ ਨੂੰ ਰਾਮ ਮੰਦਰ ਦੇ ਉਦਘਾਟਨ ਮੌਕੇ ਹੋਣ ਵਾਲੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਪਹਿਲਾਂ ਰਾਮਾਇਣ ਨਾਲ ਸਬੰਧਤ ਦੱਖਣ ਦਾ ਇਹ ਤੀਜਾ ਮੰਦਰ ਹੈ ਜਿੱਥੇ ਇਸ ਹਫ਼ਤੇ ਪ੍ਰਧਾਨ ਮੰਤਰੀ ਵੱਲੋਂ ਪੂਜਾ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਇਸੇ ਹਫ਼ਤੇ ਉਨ੍ਹਾਂ ਵੱਲੋਂ ਆਂਧਰਾ ਪ੍ਰਦੇਸ਼ ਦੇ ਸੱਤਿਆ ਸਾਈ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਕ ਵੀਰਭੱਦਰ ਮੰਦਰ ਵਿੱਚ ਪੂਜਾ ਕੀਤੀ ਗਈ ਸੀ। ਇਸ ਮੰਦਰ ਦਾ ਸਬੰਧ ਰਾਮਾਇਣ ਦੇ ਜਟਾਯੂ ਅਧਿਆਏ ਨਾਲ ਹੈ। ਉਸ ਤੋਂ ਬਾਅਦ ਸ੍ਰੀ ਮੋਦੀ ਨੇ ਕੇਰਲ ਦੇ ਤ੍ਰਿਸ਼ੂਰ ਵਿੱਚ ਤ੍ਰਿਪਰਿਆਰ ਸ੍ਰੀ ਰਾਮਾਸਵਾਮੀ ਮੰਦਰ ਵਿੱਚ ਵੀ ਪੂਜਾ ਕੀਤੀ ਸੀ। ਸ਼ਨਿਚਰਵਾਰ ਨੂੰ ਮੋਦੀ ਨੇ ਸ੍ਰੀ ਰੰਗਨਾਥਸਵਾਮੀ ਦੇ ਦਰਸ਼ਨ ਕੀਤੇ। ਉਨ੍ਹਾਂ ਨੂੰ ਮੰਦਰ ਦੇ ਪੁਜਾਰੀਆਂ ਨੇ ‘ਸਦਰੀ’ (ਭਗਵਾਨ ਵਿਸ਼ਨੂੰ ਦੇ ਆਸ਼ੀਰਵਾਦ ਦਾ ਪ੍ਰਤੀਕ ਮੁਕੁਟ) ਪ੍ਰਦਾਨ ਕੀਤੀ। ਪ੍ਰਧਾਨ ਮੰਤਰੀ ਨੇ ਵੈਸ਼ਨਵ ਸੰਤ ਗੁਰੂ ਸ੍ਰੀ ਰਾਮਾਨੁਜਾਚਾਰਿਆ ਅਤੇ ਸ੍ਰੀ ਚਕਰਥਾਜ਼ਵਾਰ ਨੂੰ ਸਮਰਪਿਤ ਕਈ ‘ਸੰਨਾਧੀਆਂ’ (ਦੇਵਤਾਵਾਂ ਵਾਸਤੇ ਵੱਖ-ਵੱਖ ਪੂਜਾ ਦੇ ਸਥਾਨ) ਵਿੱਚ ਪੂਜਾ ਕੀਤੀ। ਉਨ੍ਹਾਂ ਮੰਦਰ ਵਿੱਚ ਹਾਥੀ ਨੂੰ ਭੋਜਨ ਦੇ ਕੇ ਉਸ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਮੰਦਰ ਦੇ ਮੁੱਖ ਦੇਵਤਾ ਨੂੰ ਤਾਮਿਲ ਵਿੱਚ ‘ਰੰਗਨਾਥਰ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਧਾਰਮਿਕ ਵਿਦਵਾਨਾਂ ਮੁਤਾਬਕ, ਸ੍ਰੀਰੰਗਮ ਵਿੱਚ ਸ੍ਰੀ ਰੰਗਨਾਥਸਵਾਮੀ ਦੀ ਮੂਰਤੀ ਭਵਗਾਨ ਵਿਸ਼ਨੂੰ ਦਾ ਇਕ ਰੂਪ ਹੈ ਜਿਸ ਦੀ ਮੂਲ ਰੂਪ ’ਚ ਪੂਜਾ ਭਗਵਾਨ ਰਾਮ ਤੇ ਉਨ੍ਹਾਂ ਦੇ ਪੁਰਖਿਆਂ ਨੇ ਕੀਤੀ ਸੀ। ਵਿਭੀਸ਼ਨ ਨੇ ਜਦੋਂ ਭਗਵਾਨ ਰਾਮ ਤੋਂ ਬਹੁਮੁੱਲੀ ਤੋਹਫਾ ਮੰਗਿਆ ਤਾਂ ਭਗਵਾਨ ਨੇ ਉਨ੍ਹਾਂ ਨੂੰ ਇਹ ਮੂਰਤੀ ਭੇਟ ਕੀਤੀ ਅਤੇ ਇਸ ਦੀ ਪੂਜਾ ਕਰਨ ਨੂੰ ਕਿਹਾ ਸੀ। ਭਗਵਾਨ ਰੰਗਨਾਥਨ ਦੀ ਮੂਰਤੀ ਨੂੰ ਵਿਭੀਸ਼ਨ ਦੀ ਨਿਗਰਾਨੀ ਹੇਠ ਸ੍ਰੀਰੰਗਮ ਮੰਦਰ ਵਿੱਚ ਸਥਾਪਤ ਕੀਤਾ ਗਿਆ ਸੀ।
ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਲਈ ਰੰਗਨਾਥਸਵਾਮੀ ਕੋਲੋਂ ਆਸ਼ੀਰਵਾਦ ਮੰਗਿਆ ਹੈ। ਮੰਦਰ ਵਿੱਚ ਪ੍ਰਧਾਨ ਮੰਤਰੀ ਨੇ ਕੰਬ ਰਾਮਾਇਣ ਦੇ ਛੰਦ ਸੁਣੇ ਜੋ ਕਿ ਰਾਮਾਇਣ ਦੇ ਪ੍ਰਾਚੀਨ ਸਰੂਪਾਂ ’ਚੋਂ ਇਕ ਹੈ। ਇਸ ਮੰਦਰ ਦਾ ਕੰਬ ਰਾਮਾਇਣ ਨਾਲ ਡੂੰਘਾ ਸਬੰਧ ਹੈ। ਮੰਦਰ ਵੱਲੋਂ ਮੋਦੀ ਨੂੰ ਰਵਾਇਤੀ ਤੌਰ ’ਤੇ ‘ਵਸਤਰਮ’ ਮਤਲਬ ਸ਼ਾਲ ਅਤੇ ਕੱਪੜੇ ਭੇਟ ਕੀਤੇ ਗਏ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਕੱਪੜਿਆਂ ਨੂੰ ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਲਿਜਾਇਆ ਜਾਵੇਗਾ।
ਪ੍ਰਧਾਨ ਮੰਤਰੀ ਸ਼ਨਿਚਰਵਾਰ ਨੂੰ ਚੇਨੱਈ ਤੋਂ ਇੱਥੇ ਪਹੁੰਚੇ ਅਤੇ ਮੰਦਰ ਜਾਂਦੇ ਸਮੇਂ ਉਨ੍ਹਾਂ ਹੱਥ ਲੋਕਾਂ ਤੇ ਭਾਜਪਾ ਦੇ ਕਾਰਕੁਨਾਂ ਦਾ ਪਿਆਰ ਕਬੂਲਿਆ। ਇਸ ਤੋਂ ਬਾਅਦ ਸ੍ਰੀ ਮੋਦੀ ਨੇ ‘ਅਗਨੀ ਤੀਰਥ’ ਸਮੁੰਦਰ ਤੱਟ ’ਤੇ ਪਵਿੱਤਰ ਇਸ਼ਨਾਨ ਕਰਨ ਤੋਂ ਬਾਅਦ ਰਾਮੇਸ਼ਵਰਮ ਦੇ ਭਗਵਾਨ ਰਾਮਨਾਥਸਵਾਮੀ ਮੰਦਰ ਵਿੱਚ ਵੀ ਪੂਜਾ ਕੀਤੀ। ਇੱਥੇ ਵੀ ਮੰਦਰ ਦੇ ਪੰਡਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। -ਪੀਟੀਆਈ