ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 20 ਜਨਵਰੀ
ਅੰਮ੍ਰਿਤਸਰ ਵਿੱਚ ਹਵਾਲਾਤੀ ਨੂੰ ਫੜਦਿਆਂ ਬੀਤੇ ਦਿਨੀਂ ਏਐੱਸਆਈ ਪਰਮਜੀਤ ਸਿੰਘ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਰ ਕੇ ਮੌਤ ਹੋ ਗਈ ਸੀ। ਮ੍ਰਿਤਕ ਏਐੱਸਆਈ ਇੱਥੋਂ ਨਜ਼ਦੀਕ ਵੀਲ੍ਹਾ ਤੇਜਾ ਦਾ ਵਾਸੀ ਸੀ। ਉਸ ਦੀ ਮ੍ਰਿਤਕ ਦੇਹ ਸਾਰਕਾਰੀ ਕਾਰਵਾਈ ਤੋਂ ਬਾਅਦ ਪਿੰਡ ਵੀਲ੍ਹੇ ਪਹੁੰਚੀ ਤਾਂ ਪਿੰਡ ਦਾ ਮਾਹੌਲ ਗ਼ਮਗੀਨ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦਾ ਸਸਕਾਰ 21 ਜਨਵਰੀ ਐਤਵਾਰ ਨੂੰ ਉਸ ਦੀ ਧੀ ਦੇ ਵਿਦੇਸ਼ ਤੋਂ ਆਉਣ ਮਗਰੋਂ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪਰਮਜੀਤ ਸਿੰਘ ਦੀ ਹਵਾਲਾਤੀ ਨੂੰ ਫੜਨ ਦੌਰਾਨ ਡਿਊਟੀ ਕਰਦਿਆਂ ਮੌਤ ਹੋਣ ਕਰ ਕੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਮਜੀਤ ਸਿੰਘ ਪਰਿਵਾਰ ਦਾ ਕਮਾਊ ਪੁੱਤ ਸੀ ਅਤੇ ਉਸ ਨੇ ਡਿਊਟੀ ਕਰਦਿਆਂ ਹਵਾਲਾਤੀ ਨੂੰ ਫੜਦਿਆਂ ਆਪਣੀ ਜਾਨ ਗਵਾਈ ਹੈ, ਇਸ ਲਈ ਪੰਜਾਬ ਸਰਕਾਰ ਪਰਿਵਾਰ ਨੂੰ ਬਣਦੇ ਹੱਕ ਦੇਵੇ।