ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਜਨਵਰੀ
ਪਿੰਡ ਸਿਕੰਦਰਪੁਰ ’ਚ ਪੱਕੀ ਬਣੀ ਇੱਕ ਗਲੀ ਦਾ ਉਦਘਾਟਨ ਕਰਦਿਆਂ ਕਾਂਗਰਸ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਕਾਂਗਰਸ ਹੀ ਇੱਕ ਅਜਿਹੀ ਸਿਆਸੀ ਪਾਰਟੀ ਹੈ ਜਿਸ ਵਿੱਚ ਸਾਰੇ ਵਰਗਾਂ ਦੇ ਹਿੱਤ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਗੇ ਵੀ ਜ਼ੋਰ-ਸ਼ੋਰ ਨਾਲ ਚੁੱਕਣਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਉਨ੍ਹਾਂ ਨੂੰ ਜੋ ਵੀ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ, ਉਹ ਉਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦੀ ਕੋਸ਼ਿਸ਼ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਵਿਧਾਇਕ ਕੇਹਰਵਾਲਾ ਨੇ ਕਿਹਾ ਕਿ ਭਾਜਪਾ ਜਜ਼ਪਾ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਤੰਗ ਆ ਚੁੱਕੇ ਹਨ ਤੇ ਇਸ ਸਰਕਾਰ ਤੋਂ ਖਲਾਸੀ ਚਾਹੁੰਦੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੂੰ ਜੀ ਆਇਆਂ ਆਖਿਆ। ਪ੍ਰੋਗਰਾਮ ਦੌਰਾਨ ਸਰਪੰਚ ਮਲਕੀਤ ਸਿੰਘ ਭੁੱਲਰ, ਸਿਕੰਦਰਪੁਰ ਦੇ ਸਾਬਕਾ ਸਰਪੰਚ ਰਾਮ ਚੰਦਰ ਕੰਬੋਜ, ਅਮਰ ਸਿੰਘ ਕਿਸਾਨ ਆਗੂ ਭੁਪਿੰਦਰ ਵੈਦਵਾਲਾ, ਗੁਰਦੇਵ ਸਿੰਘ, ਬੂਟਾ ਸਿੰਘ, ਮੇਜਰ ਸਿੰਘ, ਅਸ਼ੋਕ ਕੁਮਾਰ ਅਤੇ ਹਰੀਰਾਮ ਹਾਜ਼ਰ ਸਨ।