ਨਵੀਂ ਦਿੱਲੀ: ਕਾਂਗਰਸ ਨੇ ਆਪਣੀ ਹਰਿਆਣਾ ਇਕਾਈ ਨੂੰ ਚੋਣਾਂ ਲਈ ਤਿਆਰ ਕਰਨ ਦੇ ਮਕਸਦ ਨਾਲ ਅੱਜ ਚਾਰ ਕਮੇਟੀਆਂ ਦਾ ਗਠਨ ਕੀਤਾ ਹੈ ਜਿਨ੍ਹਾਂ ਵਿੱਚ ਚੋਣ ਕਮੇਟੀ, ਸਿਆਸੀ ਮਾਮਲਿਆਂ ਬਾਰੇ ਅਤੇ ਮੈਨੀਫੈਸਟੋ ਕਮੇਟੀ ਸ਼ਾਮਲ ਹੈ। ਪਾਰਟੀ ਨੇ ਸੂਬੇ ਵਿੱਚ ਅਨੁਸ਼ਾਸਨ ਕਮੇਟੀ ਵੀ ਗਠਿਤ ਕੀਤੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਰਿਆਣਾ ਸੂਬਾ ਚੋਣ ਕਮੇਟੀ ਦਾ ਗਠਨ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਉਦੈਭਾਨ ਦੀ ਪ੍ਰਧਾਨਗੀ ਵਿੱਚ ਕੀਤਾ ਹੈ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ, ਰਣਦੀਪ ਸਿੰਘ ਸੁਰਜੇਵਾਲਾ, ਕਿਰਨ ਚੌਧਰੀ, ਦੀਪੇਂਦਰ ਹੁੱਡਾ, ਰਘੁਵੀਰ ਸਿੰਘ ਕਾਦੀਆਨ, ਆਫ਼ਤਾਬ ਅਹਿਮਦ, ਕੈਪਟਨ ਅਜੈ ਯਾਦਵ ਅਤੇ ਕਰਨਲ ਰੋਹਿਤ ਚੌਧਰੀ ਸਣੇ ਹੋਰਾਂ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਚੋਣ ਕਮੇਟੀ ਵਿੱਚ 24 ਆਗੂਆਂ ਤੋਂ ਇਲਾਵਾ ਹਰਿਆਣਾ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ, ਹਰਿਆਣਾ ਮਹਿਲਾ ਕਾਂਗਰਸ ਦੀ ਪ੍ਰਧਾਨ, ਹਰਿਆਣਾ ਐੱਨਐੱਸਯੂਆਈ ਦਾ ਪ੍ਰਧਾਨ ਅਤੇ ਹਰਿਆਣਾ ਸੇਵਾ ਦਲ ਦੇ ਚੀਫ ਆਰਗੇਨਾਈਜ਼ਰ ਨੂੰ ਐਕਸ-ਆਫ਼ਿਸ਼ਿਓ ਮੈਂਬਰ ਬਣਾਇਆ ਗਿਆ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਸਿਆਸੀ ਮਾਮਲਿਆਂ ਦੀ ਕਮੇਟੀ ਦਾ ਗਠਨ ਵੀ ਕੀਤਾ ਹੈ। ਇਸ ਕਮੇਟੀ ਵਿੱਚ ਕੁੱਲ 51 ਮੈਂਬਰ ਹਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਵਿੱਚ ਪਾਰਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ ਇਸ ਦੇ ਮੁਖੀ ਹਨ। ਉਦੈਭਾਨ, ਭੁਪੇਂਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ, ਕਿਰਨ ਚੌਧਰੀ, ਦੀਪੇਂਦਰ ਸਿੰਘ ਹੁੱਡਾ, ਕਾਦੀਆਨ, ਅਹਿਮਦ ਅਤੇ ਕੈਪਟਨ ਯਾਦਵ ਨੂੰ ਵੀ ਸਿਆਸੀ ਮਾਮਲਿਆਂ ਦੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਮੁਤਾਬਕ ਖੜਗੇ ਨੇ 27 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਵੀ ਕੀਤਾ ਹੈ, ਜਿਸ ਦੀ ਪ੍ਰਧਾਨ ਗੀਤਾ ਭੁੱਕਲ ਅਤੇ ਕਨਵੀਨਰ ਭਾਰਤ ਭੂਸ਼ਨ ਬੱਤਰਾ ਹੋਣਗੇ। ਪ੍ਰੈੱਸ ਬਿਆਨ ਮੁਤਾਬਕ, ਪਾਰਟੀ ਨੇ ਮਹੇਂਦਰ ਪ੍ਰਤਾਪ ਦੀ ਪ੍ਰਧਾਨਗੀ ਹੇਠ ਚਾਰ ਮੈਂਬਰੀ ਅਨੁਸ਼ਾਸਨ ਕਮੇਟੀ ਦਾ ਗਠਨ ਵੀ ਕੀਤਾ ਹੈ। -ਪੀਟੀਆਈ