ਜੋਗਿੰਦਰ ਸਿੰਘ ਮਾਨ
ਮਾਨਸਾ, 21 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਸਮੇਤ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀ ਵੱਲੋਂ ਮਾਨਸਾ ਦੇ ਪਿੰਡ ਖੋਖਰ ਕਲਾਂ, ਖੋਖਰ ਖੁਰਦ, ਕੋਟਲੀ ਕਲਾਂ, ਸੱਦਾ ਸਿੰਘ ਵਾਲਾ, ਭਾਈਦੇਸਾ, ਭੈਣੀਬਾਘਾ ਠੂਠਿਆਂਵਾਲੀ, ਖਿਆਲਾ ਕਲਾਂ, ਖਿਆਲਾ ਖੁਰਦ, ਕੋਟਲੱਲੂ, ਚੁਕੇਰੀਆਂ, ਖਿੱਲਣ ਵਿੱਚ ਟਰੈਕਟਰ ਮਾਰਚ ਕੀਤਾ ਗਿਆ।
ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਸਮੇਂ ਲਿਖਤ ਵਿੱਚ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਦੀ ਚਿੱਠੀ ਦਿੱਤੀ ਗਈ ਸੀ, ਪਰ ਇੰਨਾ ਸਮਾਂ ਬੀਤ ਜਾਣ ਉਪਰੰਤ ਵੀ ਕੇਂਦਰ ਸਰਕਾਰ ਵੱਲੋਂ ਉਹ ਲਿਖਤ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਅਤੇ ਬਿਜਲੀ ਸੋਧ ਬਿੱਲ ਨੂੰ ਨਾ ਲੈ ਕੇ ਆਉਣ ਦਾ ਵਾਅਦਾ ਕਰਨ ਉਪਰੰਤ ਕੇਂਦਰ ਸਰਕਾਰ ਵੱਲੋਂ ਉਸ ਨੂੰ ਲੁਕਵੇਂ ਢੰਗ ਨਾਲ ਰਾਜ ਸਰਕਾਰ ਰਾਹੀਂ ਲਾਗੂ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਭਾਰਤ ਅਤੇ 18 ਕਿਸਾਨ ਜਥੇਬੰਦੀਆਂ ਉੱਤਰੀ ਭਾਰਤ ਦੇ ਸਾਂਝੇ ਮੰਚ ਵੱਲੋਂ 13 ਫ਼ਰਵਰੀ ਤੋਂ ਮੁੜ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਮੰਗ ਨੂੰ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਇਆ ਜਾਵੇਗਾ।
ਭਖਦੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਕਿਸਾਨਾਂ ’ਚ ਰੋਸ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਕਿਸਾਨੀ ਕਰਜ਼ਾ ਮੁਆਫ਼ੀ, ਕਿਸਾਨੀ ਪੈਨਸ਼ਨ ਤੇ ਸਮਰਥਨ ਮੁੱਲ ਸਣੇ ਹੋਰ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ| ਇੱਥੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਇੱਕ ਬੈਠਕ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਮ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡ ਤੇ ਸਰਤਾਜ ਸਿੰਘ, ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਉੜਾਂਗ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਦਰਸ਼ਨ ਸਿੰਘ ਵੜਿੰਗ, ਬੀਕੇਯੂ ਲੱਖੋਵਾਲ ਦੇ ਗੁਰਮੀਤ ਸਿੰਘ ਲੰਬੀ ਢਾਬ, ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦੇਵਨ, ਮਾਲਵਾ ਦੇ ਸੁਖਦੇਵ ਸਿੰਘ ਨਵਾਂ ਭੁੱਲਰ ਨੇ ਕਿਹਾ ਕਿ ਕਿਸਾਨ ਪੱਖੀ ਫ਼ਸਲ ਬੀਮਾ ਯੋਜਨਾ ਲਾਗੂ ਕਰਾਉਣ ਅਤੇ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਵਰਗੀਆਂ ਮੰਗਾਂ ਲਈ ਵੱਡੀ ਗਿਣਤੀ ’ਚ ਕਿਸਾਨ ਟਰੈਕਟਰ ਮਾਰਚ ਵਿੱਚ ਹਿੱਸਾ ਲੈਣਗੇ| ਜਾਣਕਾਰੀ ਅਨੁਸਾਰ ਮਾਰਚ ਡੀਸੀ ਦਫ਼ਤਰ ਤੋਂ ਸ਼ੁਰੂ ਹੋ ਕੇ ਸਰਕਾਰੀ ਕਾਲਜ, ਜਲਾਲਾਬਾਦ ਰੋਡ, ਰੇਲਵੇ ਓਵਰਬ੍ਰਿਜ, ਬਠਿੰਡਾ ਰੋਡ ਤੋਂ ਵਾਪਸ ਡੀਸੀ ਦਫ਼ਤਰ ਆ ਕੇ ਸਮਾਪਤ ਹੋਵੇਗਾ|
ਕਿਸਾਨਾਂ ਨੂੰ ਟਰੈਕਟਰ ਮਾਰਚ ’ਚ ਪਹੁੰਚਣ ਦੀ ਕੀਤੀ ਅਪੀਲ
ਸਿਰਸਾ: ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ 26 ਜਨਵਰੀ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੇ ਸਿਲਸਿਲੇ ’ਚ ਸੰਯੁਕਤ ਕਿਸਾਨ ਮੋਰਚਾ, ਜ਼ਿਲ੍ਹਾ ਸਿਰਸਾ ਦੀ ਇੱਕ ਮੀਟਿੰਗ ਕਿਸਾਨ ਆਗੂ ਸਵਰਨ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਰਾਣੀਆਂ ਸਥਿਤ ਬਾਬਾ ਬੰਤਾ ਸਿੰਘ ਭਵਨ ’ਚ ਹੋਈ। ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਨਾਨੂਆਣਾ, ਗੁਰਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਰੇਸ਼ ਕੰਬੋਜ, ਮਦਨ ਧੌਤੜ, ਹੈਪੀ ਰਾਣੀਆਂ, ਦਲਜੀਤ ਸਿੰਘ ਦਿਓਲ, ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਨਾਨੂਆਣਾ, ਕਾ. ਸੁਰਜੀਤ ਸਿੰਘ, ਡਾ. ਸੁਖਦੇਵ ਸਿੰਘ ਜੰਮੂ, ਹਰਦੇਸ਼ ਸਿੰਘ ਜੋਸ਼, ਹਰਜਿੰਦਰ ਸਿੰਘ ਭੰਗੂ, ਸਰਬਜੀਤ ਸਿੰਘ ਸਿੱਧੂ, ਸਤਪਾਲ ਸਿੰਘ ਸੰਧੂ, ਬਲਰਾਜ ਸਿੰਘ ਬਣੀ, ਤਿਲਕ ਰਾਜ ਵਿਨਾਇਕ ਅਤੇ ਬਾਬਾ ਬੰਤਾ ਸਿੰਘ ਮੌਜੂਦ ਸਨ। ਸ੍ਰੀ ਵਿਰਕ ਨੇ ਕਿਸਾਨਾਂ ਨੂੰ 26 ਮਾਰਚ ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ