ਪੱਤਰ ਪ੍ਰੇਰਕ
ਲਹਿਰਾਗਾਗਾ, 22 ਜਨਵਰੀ
ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ ਹੋ ਰਹੇ ਅੱਜ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਮੰਡੀ ਵਾਲੇ ਸ੍ਰੀ ਸਨਾਤਮ ਧਰਮ ਮੰਦਰ ਅਤੇ ਮੰਡੀ ਵਾਲੇ ਗੁਰਦੁਆਰੇ ਵਿੱਚ ਨਤਮਸਤਕ ਹੋਏ। ਉਨ੍ਹਾਂ ਅਯੁੱਧਿਆ ਵਿਖੇ ਬਣੇ ਰਾਮ ਮੰਦਰ ਦੀ ਖੁਸ਼ੀ ਵਿੱਚ ਮੰਡੀ ਵਾਲੇ ਮੰਦਰ ਨੇੜੇ ਲੱਡੂ ਵੰਡੇ। ਸ੍ਰੀਮਤੀ ਭੱਠਲ ਨੇ ਕਿਹਾ ਕਿ ਦੇਸ਼ ਦਾ ਸਭਿਆਚਾਰ, ਵਿਰਸਾ ਸਭ ਧਰਮਾਂ ਦਾ ਸਤਿਕਾਰ ਕਰਦਿਆਂ ਸਾਂਝੀਵਾਲਤਾ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ’ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ, ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸੂਫ਼ੀ ਸੰਤ ਮੀਆਂ ਮੀਰ ਨੇ ਰੱਖੀ। ਇਹ ਸਾਰੀਆਂ ਘਟਨਾਵਾਂ ਸਾਂਝੀਵਾਲਤਾ ਭਰੇ ਵਿਰਸੇ ਅਤੇ ਇਤਿਹਾਸ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਵੀ ਸੱਚ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਬੀਬੀ ਭੱਠਲ ਦੇ ਓਐੱਸਡੀ ਰਵਿੰਦਰ ਸਿੰਘ ਟੁਰਨਾ, ਸੀਨੀਅਰ ਕਾਂਗਰਸ ਦੇ ਆਗੂ ਸੋਮਨਾਥ ਸਿੰਗਲਾ, ਸੁਰੇਸ਼ ਕੁਮਾਰ ਠੇਕੇਦਾਰ, ਦਰਬਾਰਾ ਸਿੰਘ ਹੈਪੀ ਠੇਕੇਦਾਰ ਹਾਜ਼ਰ ਸਨ।