ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਜਨਵਰੀ
ਅਯੁੱਧਿਆ ਸਥਿਤ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਸਮਰਪਿਤ ਭਾਜਪਾ ਵੱਲੋਂ ਹਿੰਦੂ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ’ਤੇ ਸਮਾਗਮ ਕੀਤੇ ਗਏ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਸ਼ਹਿਰ ਵਿੱਚ 1500 ਥਾਵਾਂ ’ਤੇ ਸਮਾਗਮ ਕੀਤੇ ਹੋਏ ਅਤੇ 5000 ਦੇ ਕਰੀਬ ਲੰਗਰ ਲਗਾਏ ਗਏ। 25 ਦੇ ਕਰੀਬ ਸਮਾਗਮਾਂ ਵਿੱਚ ਸ੍ਰੀ ਰਜਨੀਸ਼ ਧੀਮਾਨ ਨੇ ਖੁਦ ਭਾਗ ਲਿਆ। ਉਨ੍ਹਾਂ ਕਿਹਾ ਕਿ 500 ਸਾਲ ਬਾਅਦ ਅੱਜ ਹਿੰਦੂ ਸਮਾਜ ਦਾ ਇਹ ਸੁਫ਼ਨਾ ਪੂਰਾ ਹੋਇਆ ਹੈ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਕਈ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਦੁਰਗਾ ਮਾਤਾ ਮੰਦਿਰ ਪ੍ਰਤਾਪ ਨਗਰ ਵਿਖੇ ਮੱਥਾ ਟੇਕਦਿਆਂ ਬੈਂਸ ਨੇ ਸਾਰਿਆਂ ਨੂੰ ਇਸ ਦੀ ਵਧਾਈ ਦਿੱਤੀ।
ਮਾਛੀਵਾੜਾ (ਪੱਤਰ ਪ੍ਰੇਰਕ): ਅਯੁੱਧਿਆ ਸਥਿਤ ਰਾਮ ਦੇ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸਬੰਧੀ ਅੱਜ ਮਾਛੀਵਾੜਾ ਵਿਚ ਵੀ ਵੱਖ-ਵੱਖ ਮੰਦਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਰਾਮ ਬਾਗ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਮ ਬਾਗ ਤੋਂ ਇੱਕ ਨਿਸ਼ਾਨ ਯਾਤਰਾ ਕੱਢੀ ਗਈ ਜਿਸ ਵਿਚ ਸ਼ਰਧਾਲੂ ਉਮੜ ਪਏ ਜਿਨ੍ਹਾਂ ਆਪਣੇ ਹੱਥਾਂ ਵਿਚ ਭਗਵੇ ਝੰਡੇ ਫੜ ਰਾਮ ਮੰਦਰ ਦੇ ਉਦਘਾਟਨ ਦਾ ਜਸ਼ਨ ਮਨਾਇਆ। ਇਸ ਤੋਂ ਇਲਾਵਾ ਦੁਰਗਾ ਸ਼ਕਤੀ ਮੰਦਰ ਵਿਚ ਹਵਨ ਕਰਵਾਇਆ ਗਿਆ ਜਿਸ ਵਿਚ ਸ਼ਰਧਾਲੂਆਂ ਨੇ ਅਹੂਤੀ ਪਾਈ। ਨਿਸ਼ਾਨ ਯਾਤਰਾ ਵਿਚ ਪ੍ਰਧਾਨ ਅਸ਼ੋਕ ਸੂਦ, ਚੇਅਰਮੈਨ ਮੋਹਿਤ ਕੁੰਦਰਾ, ਪ੍ਰਿੰ. ਡੀ.ਡੀ. ਵਰਮਾ, ਸੁਰਿੰਦਰ ਬਾਂਸਲ, ਰਾਜਵੰਤ ਸਿੰਘ ਕੂੰਨਰ, ਰਾਜੇਸ਼ ਲੀਹਲ, ਵਿਕਾਸ ਮਿੱਤਲ ਤੇ ਵਿਨੋਦ ਸਿੰਗਲਾ ਆਦਿ ਮੌਜੂਦ ਸਨ। ਨਿਸ਼ਾਨ ਯਾਤਰਾ ਦੌਰਾਨ ਡੀ.ਐੱਸ.ਪੀ. ਪਵਨਜੀਤ, ਇੰਸਪੈਕਟਰ ਪਰਮਜੀਤ ਸਿੰਘ, ਡਿਊਟੀ ਮਜਿਸਟ੍ਰੇਟ ਗੁਰਪ੍ਰੀਤ ਸਿੰਘ ਮਾਂਗਟ ਅਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਵੀ ਪੂਰੀ ਤਰ੍ਹਾਂ ਮੁਸਤੈਦ ਰਹੇ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਅਯੁੱਧਿਆ ਸਥਿਤ ਸ੍ਰੀ ਰਾਮ ਮੰਦਰ ਵਿਖੇ ਸਮਾਪਤ ਹੋਏ ਅੱਜ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਚੱਲਦਿਆਂ ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ ਵਿੱਚ ਸਮੂਹ ਇਲਾਕਾ ਵਾਸੀਆਂ ਨੇ ਬਗੈਰ ਕਿਸੇ ਧਾਰਮਿਕ ਜਾਂ ਸਿਆਸੀ ਭੇਦਭਾਵ ਦੇ ਇੱਥੋਂ ਦੇ ਸਮਾਗਮਾਂ ’ਚ ਹਿੱਸਾ ਲਿਆ। ਮੁਸਲਿਮ ਬਹੁਗਿਣਤੀ ਵਾਲੇ ਮਾਲੇਰਕੋਟਲਾ ਜ਼ਿਲ੍ਹੇ ਅਧੀਨ ਆਉਂਦੇ ਇਸ ਇਲਾਕੇ ਵਿੱਚ ਪੁਲੀਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਸਾਰੇ ਸਮਾਗਮ ਪੂਰਨ ਮਰਿਆਦਾ ਤੇ ਜੋਸ਼ ਨਾਲ ਸ਼ਾਂਤਮਈ ਪੂਰੇ ਹੋਣ ਕਰਕੇ ਪ੍ਰਬੰਧਕਾਂ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ, ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ, ਐੱਸਪੀ (ਐੱਚ) ਸਵਰਨਜੀਤ ਕੌਰ, ਡੀਐੱਸਪੀ ਦਵਿੰਦਰ ਸਿੰਘ ਸੰਧੂ ਅਤੇ ਐੱਸਐੱਚਓ ਸੁਖਵਿੰਦਰ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਸਮਰਾਲਾ (ਪੱਤਰ ਪ੍ਰੇਰਕ): ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਬੰਧ ’ਚ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਪ੍ਰਾਰਥਨਾ ਸਭਾ ਕੀਤੀ ਗਈ। ਇਸ ਦੌਰਾਨ ਬੱਚਿਆਂ ਵੱਲੋਂ ਰਾਮ ਚੰਦਰ ਜੀ ਜੀਵਨ ਲੀਲਾ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਾਰੇ ਬੱਚਿਆਂ ਨੂੰ ਅਯੁੱਧਿਆ ਵਿੱਚ ਹੋ ਰਹੇ ਸਮਾਰੋਹ ਦਾ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ। ਇਸ ਮੌਕੇ ਸਕੂਲ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰਧਾਨ ਅਨਿਲ ਕੁਮਾਰ, ਰਮਨਦੀਪ ਸਿੰਘ ਤੇ ਪ੍ਰਿੰਸੀਪਲ ਮੋਨਿਕਾ ਨੇ ਦੇਸ਼ ਵਾਸੀਆਂ ਨੂੰ ਸਮਾਰੋਹ ਦੀ ਵਧਾਈ ਦਿੱਤੀ।
ਖੰਨਾ/ਦੋਰਾਹਾ (ਨਿੱਜੀ ਪੱਤਰ ਪ੍ਰੇਰਕ): ਅਯੁੱਧਿਆ ਸਥਿਤ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਸ਼ਰਧਾਲੂ ਉਤਸ਼ਾਹਿਤ ਹਨ। ਇਸ ਸਬੰਧ ’ਚ ਅੱਜ ਖੰਨਾ-ਦੋਰਾਹਾ ਵਿਚ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਖੁਸ਼ੀ ਵਿੱਚ ਬਾਜ਼ਾਰ ਸਜਾਏ ਗਏ ਸਨ ਤੇ ਵੱਖ-ਵੱਖ ਥਾਵਾਂ ’ਤੇ ਲੰਗਰ ਲਾਏ ਗਏ। ਇਸ ਦੌਰਾਨ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਵੱਖ ਵੱਖ ਦੁਕਾਨਦਾਰਾਂ ਨੇ ਸਾਂਝੇ ਤੌਰ ’ਤੇ ਲੱਡੂਆਂ ਦਾ ਲੰਗਰ ਲਾਇਆ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਜ਼ਾਹਿਰ ਕੀਤੀ।
ਲੋਕ ਸੇਵਾ ਸੁਸਾਇਟੀ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ਦੀ ਖ਼ੁਸ਼ੀ ’ਚ ਅੱਜ ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਲੱਡੂ ਵੰਡੇ ਗਏ। ਲਿੰਕ ਰੋਡ ਜਗਰਾਉਂ ਵਿਖੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਸਮੂਹ ਰਾਮ ਭਗਤਾਂ ਨੂੰ ਭਗਵਾਨ ਰਾਮ ਚੰਦਰ ਦੇ ਮੰਦਰ ਦੇ ਉਦਘਾਟਨ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਲੰਮੀ ਉਡੀਕ ਤੋਂ ਬਾਅਦ ਰਾਮ ਭਗਤਾਂ ਨੂੰ ਇਹ ਦਿਨ ਦੇਖਣਾ ਨਸੀਬ ਹੋਇਆ ਹੈ। ਇਸ ਮੌਕੇ ਰਾਜੀਵ ਗੁਪਤਾ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕਾਕਾ, ਕੰਵਲ ਕੱਕੜ, ਕਪਿਲ ਸ਼ਰਮਾ, ਮਦਨ ਲਾਲ ਅਰੋੜਾ, ਮੁਕੇਸ਼ ਗੁਪਤਾ, ਜਸਵੰਤ ਸਿੰਘ, ਵਿਨੋਦ ਬਾਂਸਲ, ਪ੍ਰਸ਼ੋਤਮ ਅਗਰਵਾਲ, ਡਾਕਟਰ ਭਾਰਤ ਭੂਸ਼ਣ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਗੋਪਾਲ ਗੁਪਤਾ ਤੇ ਆਰਕੇ ਗੋਇਲ ਆਦਿ ਨੇ ਸਮੂਹ ਰਾਮ ਭਗਤਾਂ ਨੂੰ ਵਧਾਈ ਦਿੱਤੀ।