ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜਨਵਰੀ
ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਜੀਜੀਐਨਆਈਐਮਟੀ) ਸਿਵਲ ਲਾਈਨਜ਼ ਵਿੱਚ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਪਨਾਸ਼ ਕਲੱਬ ਵੱਲੋਂ ‘ਡੋਰੀ ਕਿੱਲੀ-ਸਟ੍ਰਿੰਗ ਆਰਟ’ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ‘ਫਲਾਨਾ ਢੀਮਕਾਣਾ’ ਇੱਕ ਰਵਾਇਤੀ ਦਸਤਕਾਰੀ ਉੱਦਮ ਦੀ ਪ੍ਰਮੋਟਰ ਕੰਵਲਪ੍ਰੀਤ ਨਰੂਲਾ ਨੇ ਵਿਦਿਆਰਥੀਆਂ ਨੂੰ ਬੁਨਿਆਦੀ ਸੰਕਲਪ ਬਾਰੇ ਸਿਖਲਾਈ ਦਿੱਤੀ ਅਤੇ ਫਿਰ ਉਨ੍ਹਾਂ ਨੂੰ ਆਪਣੀ ਰਚਨਾਤਮਕਤਾ ਨੂੰ ਪ੍ਰਗਟ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨਾਲ ਕੰਵਲਪ੍ਰੀਤ ਦੀ ਜਾਣ-ਪਛਾਣ ਕਰਵਾਈ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂ ਦੇ ਜਿਊਮੈਟ੍ਰਿਕ ਮੰਡਲਾਂ ਨੂੰ ਡਿਜ਼ਾਈਨ ਕੀਤਾ। ਛੇਵੇਂ ਸਮੈਸਟਰ ਦੇ ਵਿਦਿਆਰਥੀ ਉਦੈ ਨੇ ਡੋਰੀ ਕਿੱਲੀ ਮੰਡਲਾਂ ਨੂੰ ਬਣਾਉਣ ਦੀ ਸਮਰੂਪਤਾ ਅਤੇ ਸਾਦਗੀ ਦੋਵਾਂ ਤੋਂ ਪ੍ਰਭਾਵਿਤ ਕੀਤਾ। ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਕੰਵਲਪ੍ਰੀਤ ਦਾ ਇਸ ਸਿਰਜਣਾਤਮਕ ਕਲਾ ਸਬੰਧੀ ਦਿੱਤੀ ਜਾਣਕਾਰੀ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਿਜ਼ਾਈਨਿੰਗ ਪ੍ਰਤੀ ਜੋਸ਼ੀਲਾ ਹੋਣ ਦੀ ਸਲਾਹ ਦਿੱਤੀ।