ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਜਨਵਰੀ
ਵੱਖ-ਵੱਖ ਥਾਵਾਂ ’ਤੇ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਪੁਲੀਸ ਨੇ ਕੇਸ ਦਰਜ ਕੀਤੇ ਹਨ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਗੁਰੂ ਗੋਬਿੰਦਗੜ੍ਹ ਨਗਰ ਡਾਬਾ-ਲੋਹਾਰਾ ਰੋਡ ਵਾਸੀ ਰਾਹੁਲ ਮਹਿਤਾ ਨੇ ਦੱਸਿਆ ਹੈ ਕਿ ਉਸ ਦੀ ਫਰੈਂਡਜ਼ ਮਕੈਨੀਕਲ ਵਰਕਸ ਦਾ ਪਲਾਟ ਫੇਸ ਨੰਬਰ-8 ਫੋਕਲ ਪੁਆਇੰਟ ਵਿਖੇ ਹੈ।
ਉਸ ਨੇ ਫੈਕਟਰੀ ਆ ਕੇ ਚੈੱਕ ਕੀਤਾ ਤਾਂ ਫੈਕਟਰੀ ਵਿੱਚੋਂ ਇੱਕ ਡਾਈ ਘੱਟ ਨਜ਼ਰ ਆਈ। ਉਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਕ ਵਿਅਕਤੀ ਐਕਟਿਵਾ ਸਕੂਟਰ ’ਤੇ ਫੈਕਟਰੀ ਵਿੱਚੋਂ 1 ਡਾਈ ਚੋਰੀ ਕਰਕੇ ਲੈ ਗਿਆ ਹੈ।
ਇਸੇ ਤਰ੍ਹਾਂ ਥਾਣਾ ਮੇਹਰਬਾਨ ਦੀ ਪੁਲੀਸ ਨੂੰ ਰਾਕੇਸ਼ ਕੁਮਾਰ ਪੁੱਤਰ ਗੁਰਦਾਸ ਰਾਮ ਵਾਸੀ ਪਿੰਡ ਗਧਾਪੁਰ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਪਿੰਡ ਗਧਾਪੁਰ ਦੀ ਮੌਜੂਦਾ ਸਰਪੰਚ ਹੈ। ਰਾਤ ਨੂੰ ਦੋ ਅਣਪਛਾਤੇ ਵਿਅਕਤੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਦਰਬਾਰ ਸਾਹਿਬ ਵਿੱਚ ਪਈ ਗੋਲਕ ਚੋਰੀ ਕਰਕੇ ਲੈ ਗਏ ਹਨ। ਹੌਲਦਾਰ ਤਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।