ਨਵੀਂ ਦਿੱਲੀ, 25 ਜਨਵਰੀ
75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ 1000 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਬਹਾਦਰੀ ਤੇ ਸੇਵਾ ਮੈਡਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ’ਚ ਸਨਮਾਨਿਤ ਕੀਤਾ ਗਿਆ ਹੈ। ਇਸ ਵਿੱਚ 277 ਬਹਾਦਰੀ ਦੇ ਤਗਮੇ ਸ਼ਾਮਲ ਹਨ। ਇਹ ਜਾਣਕਾਰੀ ਅੱਜ ਸਰਕਾਰੀ ਬਿਆਨ ਵਿਚ ਦਿੱਤੀ ਗਈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ ਮੈਡਲਾਂ ਦੀ ਤਾਜ਼ਾ ਸਮੀਖਿਆ ਤੋਂ ਬਾਅਦ ਗਣਤੰਤਰ ਦਿਵਸ ਦੇ ਮੌਕੇ ‘ਤੇ ਪੁਲੀਸ, ਫਾਇਰ ਸਰਵਿਸ, ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਅਤੇ ਸੁਧਾਰ ਸੇਵਾਵਾਂ ਦੇ ਕੁੱਲ 1,132 ਕਰਮਚਾਰੀਆਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਮੈਡਲਾਂ ਨੂੰ ਹੁਣ ਰਾਸ਼ਟਰਪਤੀ ਮੈਡਲ ਫਾਰ ਗੈਲੈਂਟਰੀ, ਬਹਾਦਰੀ ਲਈ ਮੈਡਲ, ਪ੍ਰੈਜ਼ੀਡੈਂਟ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸ ਅਤੇ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।