ਪੱਤਰ ਪ੍ਰੇਰਕ
ਜਲੰਧਰ, 25 ਜਨਵਰੀ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਦੋ ਗੈਂਗਸਟਰ, ਬਲਾਚੌਰ ਦੇ ਪਿੰਡ ਗੜ੍ਹੀ ਕਾਨੂੰਗੋ ਵਿੱਚ ਇੱਕ ਵਿਅਕਤੀ ਦੇ ਕਤਲ ਵਿੱਚ ਵੀ ਸ਼ਾਮਲ ਸਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਨੂੰ ਪੁਲੀਸ ਨੇ ਐਤਵਾਰ ਨੂੰ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਪਛਾਣ ਅਸ਼ੀਸ਼ ਕੁਮਾਰ ਉਰਫ਼ ਆਸ਼ੂ ਵਾਸੀ ਪਿੰਡ ਚੱੱਲੂਪੁਰ, ਸ਼ਾਮਚੁਰਾਸੀ ਹੁਸ਼ਿਆਰਪੁਰ ਅਤੇ ਨਿਤਿਨ ਉਰਫ ਨੰਨੂ ਵਾਸੀ ਜਲੰਧਰ ਵਜੋਂ ਹੋਈ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਭਗੌੜੇ ਕਰਾਰ ਦਿੱਤੇ ਗਏ ਸਨ ਅਤੇ ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਾਜਾਇਜ਼ ਹਥਿਆਰਾਂ ਦੇ ਵਪਾਰ ਅਤੇ ਕਤਲ ਦੇ ਕਈ ਮਾਮਲਿਆਂ ਵਿੱਚ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਪਿੰਡ ਗੜ੍ਹੀ ਕਾਨੂੰਗੋ, ਬਲਾਚੌਰ ਵਾਸੀ ਨਰਿੰਦਰ ਸਿੰਘ ਦੀ 29 ਅਗਸਤ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ ਅਤੇ ਨਰਵਿੰਦਰ ਸਿੰਘ ਨੂੰ ਜ਼ਖ਼ਮੀ ਕੀਤਾ ਸੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਕਤਲ ਦਾ ਕਾਰਨ ਪੰਜ ਸਾਲ ਪੁਰਾਣੀ ਰੰਜਿਸ਼ ਸੀ। ਇਸ ਸਬੰਧੀ ਤਿੰਨ ਮੁਲਜ਼ਮਾਂ ਅਨਮੋਲ ਸਿੰਘ, ਜਸਕਮਲਪ੍ਰੀਤ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਜਦਕਿ ਇਹ ਦੋਵੇਂ ਫ਼ਰਾਰ ਸਨ। ਆਸ਼ੀਸ਼ ਵਿਰੁੱਧ ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਸੱਤ ਪਰਚੇ ਦਰਜ ਹਨ ਅਤੇ ਨਿਤਿਨ ਖ਼ਿਲਾਫ਼ ਕਪੂਰਥਲਾ, ਹੁਸ਼ਿਆਰਪੁਰ ਅਤੇ ਜਲੰਧਰ ਦੇ ਥਾਣਿਆਂ ਵਿੱਚ ਤਿੰਨ ਪਰਚੇ ਅਤੇ ਇੱਕ ਡੀਡੀਆਰ ਦਰਜ ਹੈ।