ਜਿਊਰਿਖ, 25 ਜਨਵਰੀ
ਸਵਿਟਜ਼ਰਲੈਂਡ ਦਾ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਅਤੇ ਭਾਰਤੀ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਹਾਲ ਹੀ ’ਚ ਇੱਕ ਮੁਲਾਕਾਤ ਦੌਰਾਨ ਇੱਕ-ਦੂੁਜੇ ਦੀਆਂ ਪ੍ਰਾਪਤੀਆਂ ਨੂੰ ਸਲਾਹੁੰਦੇ ਨਜ਼ਰ ਆਏ। ਦੋਵਾਂ ਨੂੰ ਆਪਣੀ ਸਫਲਤਾ, ਸ਼ਖਸੀਅਤ ਤੇ ਵਿਰਾਸਤ ਦਾ ਕੋਈ ਮਾਣ ਨਹੀਂ ਹੈ। ਦੋਵੇਂ ਇੱਕ ਦੂਜੇ ਦੀ ਸ਼ਲਾਘਾ ਕਰ ਰਹੇ ਸਨ। ਇਸ ਗੱਲਬਾਤ ਦੌਰਾਨ ਦੋਵਾਂ ਵਿੱਚ ਇੱਕ ਦੂਜੇ ਦੀ ਸਫ਼ਲਤਾ ਅਤੇ ਸਮਰਪਣ ਪ੍ਰਤੀ ਸਨਮਾਨ ਨਜ਼ਰ ਆਇਆ। ਸਵਿਟਜ਼ਰਲੈਂਡ ਟੂਰਿਜ਼ਮ ਵੱਲੋਂ ਕਰਵਾਈ ਗਈ ਇਸ ਮੁਲਾਕਾਤ ਵਿੱਚ 20 ਵਾਰ ਦਾ ਗਰੈਂਡ ਸਲੈਮ ਜੇਤੂ ਰੋਜਰ ਫੈਡਰਰ ਅਤੇ ਭਾਰਤ ਦੇ ਵਿਸ਼ਵ ਚੈਂਪੀਅਨ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਜਿਊੁਰਿਖ ਵਿੱਚ ਮੌਜੂਦ ਸਨ।
ਫੈਡਰਰ ‘ਸਵਿਟਜ਼ਰਲੈਂਡ ਟੂਰਿਜ਼ਮ’ ਦਾ ਆਲਮੀ ਦੂਤ ਹੈ। ਰੋਜਰ ਫੈਡਰਰ ਨੇ ਕਿਹਾ, ‘‘ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਨੀਰਜ ਚੋਪੜਾ ਨੇ ਆਪਣੇ ਦ੍ਰਿੜ੍ਹ ਇਰਾਦੇ ਅਤੇ ਜਜ਼ਬੇ ਨਾਲ ਵਿਅਕਤੀਗਤ ਤੌਰ ’ਤੇ ਅਤੇ ਆਪਣੇ ਦੇਸ਼ ਲਈ ਕਿੰਨਾ ਕੁਝ ਹਾਸਲ ਕੀਤਾ ਹੈ।’’ ਉਸ ਨੇ ਕਿਹਾ, ‘‘ਜਿਊਰਿਖ ’ਚ ਉਸ ਨੂੰ ਮਿਲਣਾ ਸ਼ਾਨਦਾਰ ਰਿਹਾ।’’ ਟੈਨਿਸ ਖਿਡਾਰੀ ਫੈਡਰਰ ਨੇ ਚੋਪੜਾ ਦਾ ਆਪਣੇ ਦੇਸ਼ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਚੋਪੜਾ, ਜੋ ਕਿ ਸਵਿਟਜ਼ਰਲੈਂਡ ਟੂਰਿਜ਼ਮ ਦਾ ‘ਫਰੈਂਡਸ਼ਿਪ ਅੰਬੈਸਡਰ’ ਹੈ, ਲਈ ਇਹ ‘ਇੱਕ ਸੁਫ਼ਨਾ ਸੱਚ ਹੋਣ ਵਾਲਾ ਪਲ’ ਸੀ। ਚੋਪੜਾ ਨੇ ਆਖਿਆ, ‘‘ਜਿਊਰਿਖ ’ਚ ਰੋਜਰ ਫੈਡਰਰ ਨੂੰ ਮਿਲਣਾ ਮੇਰੇ ਲਈ ਇੱਕ ਸੁਫ਼ਨਾ ਸੱਚ ਹੋਣ ਵਾਂਗ ਹੈ। ਮੈਂ, ਹਮੇਸ਼ਾ ਉਸ ਦੇ ਹੁਨਰ, ਖੇਡ ਭਾਵਨਾ ਅਤੇ ਪੂਰੀ ਦੁਨੀਆਂ ’ਚ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਕਾਬਲੀਅਤ ਨੂੰ ਸਲਾਹਿਆ ਹੈ।’’ ਉਸ ਨੇ ਕਿਹਾ, ‘‘ਪਰ ਅੱਜ ਉਸ (ਫੈਡਰਰ) ਦੀ ਹਲੀਮੀ ਨੇ ਮੈਨੂੰ ਪ੍ਰੇਰਿਤ ਕੀਤਾ, ਜਿਸ ਨਾਲ ਮੈਂ ਉਸ ਵਰਗੀ ਸ਼ਖਸੀਅਤ ਦੀ ਹਾਜ਼ਰੀ ’ਚ ਬਹੁਤ ਹੀ ਸਹਿਜ ਮਹਿਸੂਸ ਕਰ ਰਿਹਾ ਹਾਂ।’’ ਉਨ੍ਹਾਂ ਆਖਿਆ, ‘‘ਅਸੀਂ ਮੈਦਾਨ ਦੇ ਅੰਦਰ ਤੇ ਬਾਹਰ ਆਪਣਾ ਜਨੂੰਨ ਤੇ ਤਜਰਬੇ ਸਾਂਝਾ ਕਰਦਿਆਂ ਸ਼ਾਨਦਾਰ ਸਮਾਂ ਬਿਤਾਇਆ।’’ -ਪੀਟੀਆਈ