ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਜਨਵਰੀ
ਸ਼ਹਿਰ ਦੇ ਸਮਾਜ ਸੇਵੀਆਂ ਵਲੋਂ ਈਵੀਐੱਮ ਨੂੰ ਚੋਣ ਪ੍ਰਕਿਰਿਆ ’ਚੋਂ ਹਟਾਉਣ ਲਈ ਇਥੇ ਵੱਡੇ ਚੌਕ ਵਿਚ ਪ੍ਰਦਰਸ਼ਨ ਕੀਤਾ ਗਿਆ ਅਤੇ ਦੇਸ਼ ਵਿਚ ਹਰ ਚੋਣ ਬੈਲੇਟ ਪੇਪਰ ਰਾਹੀਂ ਚੋਣਾਂ ਕਰਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਈਵੀਐੱਮ ਹਟਾਓ, ਦੇਸ਼ ਅਤੇ ਲੋਕਤੰਤਰ ਬਚਾਓ ਦੇ ਨਾਅਰਿਆਂ ਵਾਲੇ ਪੋਸਟਰ ਚੁੱਕੇ ਹੋਏ ਸਨ। ਜ਼ਿਲ੍ਹੇ ਦੀਆਂ ਸਮਾਜ ਚਿੰਤਨ ਜਥੇਬੰਦੀਆਂ ਦੇ ਕਾਰਕੁਨ ਸ਼ਹਿਰ ਦੇ ਵੱਡੇ ਚੌਕ ਵਿਚ ਇਕੱਠੇ ਹੋਏ ਅਤੇ ਦੇਸ਼ ਵਿਚ ਈਵੀਐੱਮ ਰਾਹੀਂ ਚੋਣਾਂ ਕਰਾਉਣ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਆਗੂਆਂ ਸਤਿੰਦਰ ਸੈਣੀ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਕਿਹਾ ਕਿ ਦੇਸ਼ ਦੇ ਮਹਾਨ ਯੋਧਿਆਂ ਅਤੇ ਸੂਰਬੀਰਾਂ ਵਲੋਂ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਕੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾ ਲਿਆ ਸੀ ਪਰ ਹੁਣ ਦੇਸ਼ ਈਵੀਐੱਮ ਰਾਹੀਂ ਗੁਲਾਮ ਹੋ ਚੁੱਕਿਆ ਹੈ। ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਮੁੜ ਬੈਲਟ ਪੇਪਰ ਰਾਹੀਂ ਚੋਣ ਪ੍ਰਕਿਰਿਆ ਨੂੰ ਅਮਲ ਵਿਚ ਲਿਆਉਣਾ ਹੋਵੇਗਾ। ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਕਿਹਾ ਕਿ ਇਹ ਖਦਸ਼ਾ ਪਾਇਆ ਜਾ ਰਿਹਾ ਹੈ ਕਿ ਈਵੀਐੱਮ ਨੂੰ ਹੈਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਮਾਜ ਸੇਵੀ ਓਮ ਪ੍ਰਕਾਸ਼ ਗਰਗ ਅਤੇ ਸੰਦੀਪ ਭੂਲਨ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਈਵੀਐੱਮ ਨੂੰ ਚੋਣ ਪ੍ਰਕਿਰਿਆ ਤੋਂ ਲਾਂਭੇ ਕੀਤਾ ਜਾਵੇ ਅਤੇ ਮੁੜ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣ। ਇਸ ਮੌਕੇ ਕੁਲਵੰਤ ਰਾਏ ਬਾਂਸਲ, ਅਵਤਾਰ ਸਿੰਘ ਤਾਰਾ, ਮੇਵਾ ਸਿੰਘ, ਸੋਨੂੰ ਸੈਣੀ, ਯਾਦਵਿੰਦਰ ਹਨੀ, ਰਛਪਾਲ ਟੀਪੂ, ਪ੍ਰਿੰਸੀਪਲ ਜਗਦੇਵ ਸ਼ਰਮਾ, ਪਰਮਾ ਨੰਦ ਨੀਟੂ, ਰੂਪ ਸਿੰਘ, ਅਭਿਸ਼ੇਕ ਸ਼ਰਮਾ ਤੇ ਹੋਰ ਸ਼ਾਮਲ ਸਨ।