ਨਵੀਂ ਦਿੱਲੀ, 27 ਜਨਵਰੀ
ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਅੱਜ ਉਸ ਵੇਲੇ ਸੰਕਟ ਵਿੱਚ ਨਜ਼ਰ ਆਇਆ ਜਦੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮੁੜ ਐੱਨਡੀਏ ਗੱਠਜੋੜ ਵਿੱਚ ਸ਼ਾਮਲ ਹੋਣ ਦੇ ਸੰਕੇਤਾਂ ਵਿਚਾਲੇ ਜਨਤਾ ਦਲ (ਯੂਨਾਈਟਿਡ) ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਢਹਿ-ਢੇਰੀ ਹੋ ਰਿਹਾ ਹੈ। ਉੱਧਰ, ਕਾਂਗਰਸ ਨੇ ਦੋਸ਼ ਲਗਾਇਆ ਕਿ ਭਾਜਪਾ ਇਸ ਗੱਠਜੋੜ ਵਿੱਚ ਵਖਰੇਵੇਂ ਪੈਦਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇ ਹਾਲਾਂਕਿ, ਭਰੋਸਾ ਪ੍ਰਗਟਾਇਆ ਕਿ ‘ਇੰਡੀਆ’ ਗੱਠਜੋੜ ਦੇ ਕੋ-ਆਰਕੀਟੈਕਟ ਹੋਣ ਵਜੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਗੱਠਜੋੜ ਦਾ ਹਿੱਸਾ ਬਣੇ ਰਹਿਣਗੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਉਨ੍ਹਾਂ ਦੋਹਾਂ ਤੱਕ ਪਹੁੰਚ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸ ਨੇ ਚੱਲ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ ਤਹਿਤ ਫੰਡ ਇਕੱਠਾ ਕਰਨ ਲਈ ਅੱਜ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ ਕੀਤੀ ਹੈ। ਇੱਥੇ ਪਾਰਟੀ ਹੈੱਡਕੁਆਰਟਰ ’ਤੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਖਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਇਸ ਕਦਮ ਅਤੇ ਪਾਰਟੀ ਵੱਲੋਂ ਪਹਿਲਾਂ ਚਲਾਈ ਗਈ ‘ਦੇਸ਼ ਲਈ ਦਾਨ’ ਮੁਹਿੰਮ ਪਿੱਛੇ ਮਕਸਦ ਪੈਸਾ ਇਕੱਠਾ ਕਰਨਾ ਨਹੀਂ ਬਲਕਿ ਵਰਕਰਾਂ ਨੂੰ ਉਤਸ਼ਾਹਿਤ ਕਰਨਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਗੱਠਜੋੜ ਵਿੱਚ ਕੋਈ ਵਖਰੇਵਾਂ ਨਹੀਂ ਹੈ ਪਰ ਭਾਜਪਾ ਵਖਰੇਵੇਂ ਪੈਦਾ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਿਤੀਸ਼ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਦਾ ਜਵਾਬ ਵੀ ਆਇਆ ਹੈ ਪਰ ਦੋਹਾਂ ਦੇ ਰੁਝੇਵਿਆਂ ਕਾਰਨ ਉਨ੍ਹਾਂ ਦੀ ਗੱਲ ਨਹੀਂ ਹੋ ਸਕੀ। -ਪੀਟੀਆਈ
ਟੀਐੱਮਸੀ ਕੌਮੀ ਪੱਧਰ ’ਤੇ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ: ਕੁਨਾਲ ਘੋਸ਼
ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਵਿੱਚ ਇਕੱਲੇ ਲੋਕ ਸਭਾ ਚੋਣਾਂ ਲੜਨ ਦੇ ਪਾਰਟੀ ਦੇ ਫੈਸਲੇ ਦੇ ਹਾਲ ਹੀ ਵਿੱਚ ਹੋਏ ਐਲਾਨ ਦੇ ਬਾਵਜੂਦ ਉਨ੍ਹਾਂ ਦੀ ਆਗੂ ਮਮਤਾ ਬੈਨਰਜੀ ਨੇ ਕਦੇ ਵੀ ਕੌਮੀ ਪੱਧਰ ’ਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨਾਲੋਂ ਵੱਖ ਹੋਣ ਦਾ ਸੰਕੇਤ ਨਹੀਂ ਦਿੱਤਾ ਹੈ। ‘ਇੰਡੀਆ’ ਵਿੱਚ ਟੀਐੱਮਸੀ ਦੇ ਰੁਖ਼ ਸਬੰਧੀ ਚੱਲ ਰਹੀਆਂ ਚਰਚਾਵਾਂ ਸਬੰਧੀ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਕਾਂਗਰਸ ਦੀਆਂ ਅਣਉਚਿਤ ਮੰਗਾਂ ਕਰ ਕੇ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਲੜਨ ਦੀ ਵਕਾਲਤ ਕੀਤੀ ਪਰ ਉਨ੍ਹਾਂ ਕਦੇ ਇਹ ਨਹੀਂ ਕਿਹਾ ਕਿ ਟੀਐੱਮਸੀ ‘ਇੰਡੀਆ’ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਵਾਸਤੇ ‘ਇੰਡੀਆ’ ਨਾਮ ਉਨ੍ਹਾਂ ਦੀ ਪਾਰਟੀ ਪ੍ਰਧਾਨ ਨੇ ਹੀ ਸੁਝਾਇਆ ਸੀ। -ਪੀਟੀਆਈ
ਭਾਜਪਾ ਨਾਲ ਜਾਣ ’ਤੇ ਨਿਤੀਸ਼ ਦਾ ਅਕਸ ਖਰਾਬ ਹੋਵੇਗਾ: ਰਾਵਤ
ਦੇਹਰਾਦੂਨ: ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਨੇ ਅੱਜ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ‘ਇੰਡੀਆ’ ਗੱਠਜੋੜ ਦੀ ਸ਼ੁਰੂਆਤ ਕਰਨ ਵਾਲੇ ਹਨ ਅਤੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ’ਚ ਮੁੜਨ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਵੇਗਾ। ਰਾਵਤ ਨੇ ਇਹ ਵੀ ਕਿਹਾ ਕਿ ਜੇਕਰ ਨਿਤੀਸ਼ ਨੂੰ ਕੋਈ ਸ਼ਿਕਾਇਤ ਹੈ ਤਾਂ ਉਸ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਆਰਜੇਡੀ ਤੇ ਅਸੀਂ ਸਾਰੇ ਹੱਲ ਲੱਭਣ ਲਈ ਤਿਆਰ ਹਾਂ।’ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਾਵਤ ਨੇ ਕਿਹਾ, ‘ਜੇਕਰ ਉਨ੍ਹਾਂ (ਨਿਤੀਸ਼) ਦੀਆਂ ਕੁਝ ਸ਼ਿਕਾਇਤਾਂ ਹਨ ਤਾਂ ਗੱਠਜੋੜ ਦੇ ਅੰਦਰ ਹੀ ਦੂਰ ਕਰ ਦਿੱਤੀਆਂ ਜਾਣਗੀਆਂ। ਆਰਜੇਡੀ ਤੇ ਅਸੀਂ ਸਾਰੇ ਹੱਲ ਲੱਭਣ ਲਈ ਤਿਆਰ ਹਾਂ। ਉਨ੍ਹਾਂ ਨੂੰ ਪਾਲਾ ਬਦਲਣ ਦੀ ਲੋੜ ਨਹੀਂ ਹੈ। ਇਸ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਵੇਗਾ।’ ਰਾਵਤ ਨੇ ਭਾਜਪਾ ਦਾ ਜ਼ਿਕਰ ਕਰਦਿਆਂ ਕਿਹਾ, ‘ਮੈਂ ਨਹੀਂ ਚਾਹੁੰਦਾ ਕਿ ਉਹ ਉਸ ਪਾਰਟੀ ’ਚ ਜਾਣ ਦੀ ਗਲਤੀ ਕਰਨ ਜਿਸ ਬਾਰੇ ਉਹ ਕਿਹਾ ਕਰਦੇ ਸਨ ਕਿ ਉਹ ਉਸ ਵਿੱਚ ਵਾਪਸ ਜਾਣ ਦੀ ਥਾਂ ਮਰ ਜਾਣਾ ਪਸੰਦ ਕਰਨਗੇ।’ -ਪੀਟੀਆਈ