ਦਿਲਬਾਗ ਸਿੰਘ ਗਿੱਲ
ਅਟਾਰੀ, 27 ਜਨਵਰੀ
ਭਾਰਤ ਦੇ 75ਵੇਂ ਗਣਤੰਤਰ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਰੇਂਜਰਜ਼ ਨੂੰ ਮਠਿਆਈ ਭੇਟ ਕੀਤੀ ਗਈ। ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਅਜੈ ਕੁਮਾਰ ਮਿਸ਼ਰਾ ਨੇ ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡਰ ਆਜ਼ਮ ਨੂੰ ਮਠਿਆਈ ਭੇਟ ਕਰ ਕੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਪਾਕਿਸਤਾਨ ਰੇਂਜਰ ਅਧਿਕਾਰੀ ਨੇ ਵੀ ਬੀਐੱਸਐੱਫ ਦੇ ਅਧਿਕਾਰੀ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਗਣਤੰਤਰ ਦਿਵਸ ਮੌਕੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਸਾਂਝੀ ਜਾਂਚ ਚੌਕੀ (ਜੇਸੀਪੀ) ਅਟਾਰੀ ਵਿੱਚ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸੰਜੈ ਗੌੜ ਨੇ ਦੇਸ਼ ਦੀ ਸ਼ਾਨ ਤਿਰੰਗਾ ਲਹਿਰਾਇਆ ਅਤੇ ਜਵਾਨਾਂ ਵਿੱਚ ਮਠਿਆਈ ਵੰਡਾਈ। ਇਸ ਮੌਕੇ ਡੀਆਈਜੀ ਸੰਜੈ ਗੌੜ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਅਜੈ ਕੁਮਾਰ ਮਿਸ਼ਰਾ ਨਾਲ ਹੋਰ ਅਧਿਕਾਰੀ ਤੇ ਜਵਾਨ ਵੀ ਹਾਜ਼ਰ ਸਨ। ਇਸੇ ਤਰ੍ਹਾਂ ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ਅਟਾਰੀ ਵਿਖੇ ਸੀਮਾ ਸੁਰੱਖਿਆ ਬਲ ਦੀ 168 ਬਟਾਲੀਅਨ ਦੇ ਕਮਾਂਡੈਂਟ ਪ੍ਰਦੀਪ ਸਿੰਘ, ਪ੍ਰਿੰਸੀਪਲ ਕਮਿਸ਼ਨਰ ਕਸਟਮ ਜਾਗਰਿਤੀ ਸੈਨ ਨੇਗੀ, ਡਿਪਟੀ ਕਮਿਸ਼ਨਰ ਵਰੁਣ ਸਿੰਗਲਾ ਨੇ ਵੀ ਕੌਮੀ ਝੰਡਾ ਲਹਿਰਾਇਆ।