ਨਵੀਂ ਦਿੱਲੀ, 13 ਨਵੰਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਸੰਘਣੀ ਧੁੰਦ ਨਾਲ ਠੰਢ ਨੇ ਦਸਤਕ ਦੇ ਦਿੱਤੀ ਹੈ ਤੇ ਅੱਜ ਧੁੰਦ ਕਾਰਨ ਕੌਮਾਂਤਰੀ ਹਵਾਈ ਅੱਡੇ ’ਤੇ ਕੁਝ ਵੀ ਨਹੀਂ ਸੀ ਦਿੱਖ ਰਿਹਾ।
ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਦਿਸਣ ਹੱਦ ਘੱਟ ਹੋਣ ਕਾਰਨ ਕੁਝ ਉਡਾਣਾਂ ਦੇ ਰੂਟ ਬਦਲੇ ਗਏ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਕਿਹਾ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਵੇਰੇ 8.30 ਵਜੇ ਦਿਸਣ ਹੱਦ (ਵਿਜ਼ੀਬਿਲਟੀ) ਜ਼ੀਰੋ ਮੀਟਰ ’ਤੇ ਰਿਕਾਰਡ ਕੀਤੀ ਗਈ, ਜਦੋਂ ਕਿ ਵੱਖ-ਵੱਖ ਥਾਵਾਂ ’ਤੇ ਰਨਵੇਅ ਵਿਜ਼ੂਅਲ ਰੇਂਜ 125 ਤੋਂ 500 ਮੀਟਰ ਦੇ ਵਿਚਕਾਰ ਸੀ। ਆਈਐਮਡੀ ਅਨੁਸਾਰ ਦਿੱਲੀ ਦੇ ਕਈ ਖੇਤਰਾਂ ਵਿੱਚ ਬਹੁਤ ਸੰਘਣੀ ਧੁੰਦ ਛਾਈ ਹੋਈ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸੰਘਣੀ ਧੁੰਦ ਕਾਰਨ ਕੁਝ ਖੇਤਰਾਂ ਵਿੱਚ ਦਿਸਣ ਹੱਦ ਬਿਲਕੁਲ ਨਾਮਾਤਰ ਸੀ। ਇਸ ਦੌਰਾਨ ਰਾਹਗੀਰਾਂ ਵਿੱਚ ਨੂੰ ਆਵਾਜਾਈ ਵਿੱਚ ਦਿੱਕਤਾਂ ਆਈਆਂ ਤੇ ਕਈ ਥਾਵਾਂ ’ਤੇ ਭਾਰੀ ਜਾਮ ਵੀ ਲੱਗੇ ਰਹੇ। ਦੂਜੇ ਪਾਸੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ 15ਵੇਂ ਦਿਨ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਆਨੰਦ ਵਿਹਾਰ ਅਤੇ ਆਯਾ ਨਗਰ ਸਮੇਤ ਦੋ ਨਿਗਰਾਨੀ ਕੇਂਦਰਾਂ ਨੇ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਹੈ। ਸਵੇਰੇ ਸਾਢੇ ਅੱਠ ਵਜੇ ਨਮੀ 92 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸਪਾਸ ਰਿਹਾ। -ਪੀਟੀਆਈ