ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜਨਵਰੀ
ਆਮ ਆਦਮੀ ਪਾਰਟੀ ਨੇ ਅੱਜ ਕਿਹਾ ਕਿ ਭਾਜਪਾ ਨੇ ਦਿੱਲੀ ਦੀ ਸੱਤਾ ’ਤੇ ਕਾਬਜ਼ ਹੋਣ ਲਈ ਇਕ ਵਾਰ ਫਿਰ ਅਪਰੇਸ਼ਨ ਲੋਟਸ ਸ਼ੁਰੂ ਕਰ ਦਿੱਤਾ ਹੈ। ‘ਆਪ’ ਦੇ ਤਿੰਨ ਆਗੂਆਂ ਆਤਿਸ਼ੀ, ਪ੍ਰਿਅੰਕਾ ਕੱਕੜ ਤੇ ਦੁਰਗੇਸ਼ ਪਾਠਕ ਨੇ ਵੱਖ-ਵੱਖ ਪ੍ਰੈੱਸ ਕਾਨਫਰੰਸਾਂ ਕਰ ਕੇ ਭਾਜਪਾ ਨੂੰ ਨਿੰਦਿਆ। ਕੈਬਨਿਟ ਮੰਤਰੀ ਆਤਿਸ਼ੀ ਨੇ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਅਪਰੇਸ਼ਨ ਲੋਟਸ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਪੈਸੇ ਦੇ ਕੇ, ਡਰਾ-ਧਮਕਾ ਕੇ ਅਤੇ ਸੀਬੀਆਈ-ਈਡੀ ਦੇ ਕੇਸ ਦਰਜ ਕਰਵਾ ਕੇ ਚੁਣੀਆਂ ਗਈਆਂ ਸਰਕਾਰਾਂ ਨੂੰ ਡੇਗਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਨੇ ਮਹਾਰਾਸ਼ਟਰ, ਗੋਆ, ਕਰਨਾਟਕ, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਸਣੇ ਕਈ ਰਾਜਾਂ ’ਚ ਚੁਣੀ ਹੋਈ ਸਰਕਾਰ ਨੂੰ ਡੇਗਿਆ ਹੈ।
ਆਤਿਸ਼ੀ ਨੇ ਕਿਹਾ ਕਿ 2013 ਵਿੱਚ ਪਾਰਟੀ ਦੇ 28 ਵਿਧਾਇਕ ਚੁਣੇ ਗਏ ਸਨ, ਉਦੋਂ ਵੀ ‘ਆਪ’ ਦੇ ਵਿਧਾਇਕਾਂ ਨੂੰ ਖਰੀਦਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਭਾਜਪਾ ਦੇ ਮੀਤ ਪ੍ਰਧਾਨ ਸ਼ੇਰ ਸਿੰਘ ਡਾਗਰ ਦਾ ਸਟਿੰਗ ਪੂਰੇ ਦੇਸ਼ ਦੇ ਸਾਹਮਣੇ ਰੱਖਿਆ ਗਿਆ ਸੀ। ਇਸ ਤੋਂ ਬਾਅਦ 2022 ’ਚ ਭਾਜਪਾ ਨੇ ‘ਅਪਰੇਸ਼ਨ ਲੋਟਸ’ ਰਾਹੀਂ 20-20 ਕਰੋੜ ਰੁਪਏ ਨਾਲ ਦਿੱਲੀ ਦੇ ‘ਆਪ’ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ।
ਆਤਿਸ਼ੀ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਝੂਠੇ ਦੋਸ਼ਾਂ ਤਹਿਤ ਈਡੀ ਤੋਂ ਗ੍ਰਿਫਤਾਰ ਕਰਵਾਉਣਾ ਚਾਹੁੰਦੇ ਹਨ। ਉਹ ਵਿਧਾਇਕਾਂ ਨੂੰ ਡਰਾ ਧਮਕਾ ਕੇ ਅਤੇ ਪੈਸੇ ਦੇ ਕੇ ਖਰੀਦ ਕੇ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨਗੇ ਅਤੇ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਾਉਣਗੇ। ਇਕ ਵੱਖਰੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਿਅੰਕਾ ਕੱਕੜ ਨੇ ਕਿਹਾ ਕਿ ਜਿਸ ਤਰ੍ਹਾਂ ਰਾਵਣ ਨੇ ਮਾਤਾ ਸੀਤਾ ਨੂੰ ਅਗਵਾ ਕਰਨ ਲਈ ਕੋਈ ਹੋਰ ਰੂਪ ਲਿਆ ਸੀ, ਉਸੇ ਤਰ੍ਹਾਂ ਭਾਜਪਾ ਨੇ ‘ਆਪ’ ਸਰਕਾਰ ਨੂੰ ਡੇਗਣ ਲਈ ਈਡੀ ਦਾ ਰੂਪ ਲਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੱਤਾਂ ਵਿਧਾਇਕਾਂ ਨੇ ਭਾਜਪਾ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਧੋਖੇ ਨਾਲ ਦਿੱਲੀ ਦੀ ਸੱਤਾ ਹਥਿਆਉਣਾ ਚਾਹੁੰਦੀ ਹੈ, ਇਸ ਦਾ ਜਨਤਕ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ। ਤੀਜੀ ਪ੍ਰੈੱਸ ਕਾਨਫਰੰਸ ਦੌਰਾਨ ਦੁਰਗੇਸ਼ ਪਾਠਕ ਨੇ ਕਿਹਾ ਕਿ ਕਦੇ ਭਾਜਪਾ ਨੇਤਾ ਮਨੋਜ ਤਿਵਾੜੀ ਤੇ ਕਦੇ ਗੌਰਵ ਭਾਟੀਆ ਆ ਕੇ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਬੇਨਤੀ ਹੈ ਕਿ ਚੰਗੀ ਸਿੱਖਿਆ, ਚੰਗੇ ਹਸਪਤਾਲ, ਸਸਤੀ ਬਿਜਲੀ ਆਦਿ ’ਤੇ ਮੁਕਾਬਲਾ ਕਰੋ ਪਰ ਅਜਿਹੀ ਗੰਦੀ ਰਾਜਨੀਤੀ ਨਾ ਕਰੋ।
ਕੇਜਰੀਵਾਲ ਸਬੂਤ ਪੇਸ਼ ਕਰਨ ਨਹੀਂ ਅਸਤੀਫ਼ਾ ਦੇਣ: ਭਾਜਪਾ
ਆਮ ਆਦਮੀ ਪਾਰਟੀ ਵੱਲੋਂ ਲਾਏ ਦੋਸ਼ਾਂ ਦੇ ਜਵਾਬ ਵਿੱਚ ਭਾਜਪਾ ਆਗੂਆਂ ਰਾਮਵੀਰ ਸਿੰਘ ਬਿਧੂੜੀ, ਬੰਸਰੀ ਸਵਰਾਜ ਤੇ ਕਮਲ ਸਹਿਰਾਵਤ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਮੋਦੀ ਦੀ ਵਧਦੀ ਲੋਕਪ੍ਰਿਅਤਾ ਤੋਂ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਬੂਤ ਪੇਸ਼ ਕਰਨ ਨਹੀਂ ਅਸਤੀਫ਼ਾ ਦੇਣ। ਉਨ੍ਹਾਂ ਕਿਹਾ ਕਿ ਝੂਠੇ ਦੋਸ਼ਾਂ ਕਾਰਨ ਪਾਰਟੀ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਆਤਿਸ਼ੀ ਦੇ ਬੇਤੁਕੇ ਬਿਆਨ ਕਵੀ ਰਾਮਧਾਰੀ ਸਿੰਘ ਦਿਨਕਰ ਦੀ ਰਚਨਾ ’ਤੇ ਸਹੀ ਢੁਕਦੇ ਹਨ ਕਿ ਜਦੋਂ ਮਨੁੱਖ ਦੀ ਤਬਾਹੀ ਹੁੰਦੀ ਹੈ, ਜ਼ਮੀਰ ਪਹਿਲਾਂ ਮਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੋਲ ਹੁਣ ਜਾਂਚ ਤੋਂ ਬਚਣ ਦੇ ਬਹਾਨੇ ਖਤਮ ਹੋ ਗਏ ਹਨ, ਇਸ ਲਈ ਉਸ ਨੇ ਝੂਠ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਭਾਜਪਾ ਖ਼ਿਲਾਫ਼ ਬਿਆਨ ਉਨ੍ਹਾਂ ਦੀ ਸਿਆਸੀ ਨਿਰਾਸ਼ਾ ਨੂੰ ਦਰਸਾਉਂਦਾ ਹੈ।