ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜਨਵਰੀ
ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਆਟੋ ਰਿਕਸ਼ਾ ਵਿੱਚ ਜੀਪੀਐੱਸ ਲਾਜ਼ਮੀ ਕਰ ਦਿੱਤਾ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਬੁਰਾੜੀ ਡੀਟੀਓ ਨੇ ਕਿਹਾ ਹੈ ਕਿ ਜੇਕਰ ਆਟੋ ਰਿਕਸ਼ਾ ਵਿੱਚ ਜੀਪੀਐੱਸ ਕਾਰਜਕ੍ਰਮ ਵਿੱਚ ਨਹੀਂ ਹੈ ਤਾਂ ਫਿਟਨੈੱਸ ਜਾਂਚ ਨਹੀਂ ਕੀਤੀ ਜਾਵੇਗੀ। ਅਜਿਹੇ ’ਚ ਫਿਟਨੈੱਸ ਸਰਟੀਫਿਕੇਟ ਨਹੀਂ ਮਿਲੇਗਾ। ਆਟੋ ਚਾਲਕਾਂ ਨੂੰ ਤੁਰੰਤ ਜੀਪੀਐੱਸ ਐਕਟੀਵੇਟ ਕਰਨ ਲਈ ਕਿਹਾ ਗਿਆ ਹੈ। ਅਜਿਹਾ ਨਾ ਹੋਣ ’ਤੇ ਮੋਟਰ ਵਹੀਕਲ ਐਕਟ 1988 ਤਹਿਤ ਕਾਰਵਾਈ ਕੀਤੀ ਜਾਵੇਗੀ ਪਰ ਕੁਝ ਆਟੋ ਯੂਨੀਅਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ ਦੇ ਮੁਤਾਬਕ ਆਟੋ ਰਿਕਸ਼ਾ ਵਿੱਚ ਜੀਪੀਐੱਸ ਲਗਾਉਣਾ ਲਾਜ਼ਮੀ ਨਹੀਂ ਹੈ ਪਰ ਰਾਜ ਸਰਕਾਰ ਇਸ ਨੂੰ ਲਾਜ਼ਮੀ ਕਰ ਸਕਦੀ ਹੈ।