ਗਾਂਧੀਨਗਰ (ਗੁਜਰਾਤ): ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਡਰਾਮਾ ਫਿਲਮ ‘ਓਐਮਜੀ 2’ ਅਤੇ ਮਨੋਜ ਬਾਜਪਾਈ ਦੀ ਫਿਲਮ ‘ਜੋਰਮ’ ਨੇ ਐਤਵਾਰ ਨੂੰ 69ਵੇਂ ਫਿਲਮਫੇਅਰ ਐਵਾਰਡ 2024 ਵਿੱਚ ਸਰਵੋਤਮ ਕਹਾਣੀ ਦਾ ਪੁਰਸਕਾਰ ਸਾਂਝੇ ਤੌਰ ’ਤੇ ਹਾਸਲ ਕੀਤਾ। ਗਾਂਧੀਨਗਰ, ਗੁਜਰਾਤ ਵਿੱਚ ਕਰਵਾਏ ਇਸ ਸਮਾਰੋਹ ’ਚ ਦੋਵਾਂ ਫਿਲਮਾਂ ਨੇ ‘ਭੇਦ’, ‘ਜਵਾਨ’ ਅਤੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਰਗੀਆਂ ਫਿਲਮਾਂ ਨੂੰ ਪਛਾੜ ਕੇ ਸਰਵੋਤਮ ਕਹਾਣੀ ਦਾ ਪੁਰਸਕਾਰ ਸਾਂਝਾ ਕੀਤਾ ਹੈ।
ਅਮਿਤ ਰਾਏ ਵੱਲੋਂ ਨਿਰਦੇਸ਼ਤ ‘ਓਐਮਜੀ 2’ ਦੀ ਗੱਲ ਕਰੀਏ ਤਾਂ ਇਹ ਫਿਲਮ ਸੈਕਸ-ਸਿੱਖਿਆ ’ਤੇ ਆਧਾਰਤ ਸੀ ਤੇ ਇਸ ਵਿੱਚ ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਮੁੱਖ ਭੂਮਿਕਾਵਾਂ ਵਿੱਚ ਸਨ। ਇਹ ਫਿਲਮ ਅਗਸਤ 2023 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਤੇ ਸਨੀ ਦਿਓਲ ਦੀ ‘ਗਦਰ 2’ ਨਾਲ ਇਸ ਦੀ ਵੱਡੀ ਟੱਕਰ ਸੀ। ਫਿਲਮ ਵਿੱਚ ਅਕਸ਼ੈ ਨੇ ਭਗਵਾਨ ਸ਼ਿਵ ਦੇ ਦੂਤ ਦਾ ਕਿਰਦਾਰ ਨਿਭਾਇਆ ਹੈ। ਇਹ 2012 ਵਿੱਚ ਰਿਲੀਜ਼ ਹੋਈ ਪਾਰੇਸ਼ ਰਾਵਲ ਅਤੇ ਅਕਸ਼ੈ ਕੁਮਾਰ ਦੀ ਫਿਲਮ ‘ਓਐਮਜੀ: ਓ ਮਾਈ ਗੌਡ’ ਦੀ ਅਗਲੀ ਕੜੀ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਨੇ ਫਿਲਮ ਨੂੰ ‘ਏ’ ਸਰਟੀਫਿਕੇਟ ਦਿੱਤਾ ਸੀ। ਫਿਲਮ ਬਾਰੇ ਗੱਲ ਕਰਦੇ ਹੋਏ, ਅਕਸ਼ੈ ਨੇ ਕਿਹਾ ਸੀ, ‘‘ਮੈਂ ਫਿਲਮ ’ਓਐਮਜੀ 2’ ਬੱਚਿਆਂ ਲਈ ਬਣਾਈ ਹੈ। ਇਹ ਬੱਚਿਆਂ ਨੂੰ ਦਿਖਾਉਣ ਵਾਲੀ ਫਿਲਮ ਹੈ। ਬਦਕਿਸਮਤੀ ਨਾਲ ਇਸ ਦੀ ਮਨਜ਼ੂਰੀ ਨਹੀਂ ਮਿਲ ਸਕੀ। ਮੈਂ ਸੈਂਸਰ ਬੋਰਡ ਦਾ ਸਨਮਾਨ ਕਰਦਾ ਹਾਂ ਅਤੇ ਸੈਂਸਰ ਬੋਰਡ ਨੇ ਜੋ ਪਾਸ ਕੀਤਾ ਸੀ, ਮੈਂ ਉਹੀ ਪੇਸ਼ ਕੀਤਾ।’’ ਦੂਜੇ ਪਾਸੇ ਸ਼ਾਰਿਕ ਪਟੇਲ, ਆਸ਼ਿਮਾ ਅਵਸਥੀ ਚੌਧਰੀ, ਅਨੁਪਮਾ ਬੋਸ ਅਤੇ ਦੇਵਾਸ਼ੀਸ਼ ਮਖੀਜਾ ਵੱਲੋਂ ਬਣਾਈ ਗਈ ਫਿਲਮ ‘ਜੋਰਮ’ ਦਾ ਨਿਰਦੇਸ਼ਨ ਤੇ ਲੇਖਨ ਦੇਵਾਸ਼ੀਸ਼ ਮਖੀਜਾ ਨੇ ਕੀਤਾ ਸੀ। ਫਿਲਮ ਵਿੱਚ ਮਨੋਜ ਬਾਜਪਾਈ ਤੇ ਮੁਹੰਮਦ ਜ਼ੀਸ਼ਾਨ ਅਯੂਬ ਮੁੱਖ ਭੂਮਿਕਾਵਾਂ ਵਿੱਚ ਹਨ। ‘ਜੋਰਮ’ ਦੀ ਕਹਾਣੀ ਬਾਜਪਾਈ ਦੁਆਰਾ ਨਿਭਾਏ ਗਏ ਕਿਰਦਾਰ ਦਾਸਰੂ ਦੇ ਆਲੇ-ਦੁਆਲੇ ਘੁੰਮਦੀ ਹੈ। -ਏਐੱਨਆਈ
ਫਿਲਮਫੇਅਰ ਐਵਾਰਡ ਸਮਾਰੋਹ ਵਿੱਚ ਜਾਹਨਵੀ ਤੇ ਜ਼ਰੀਨ ਖਾਨ ਨੇ ਰੰਗ ਬਿਖੇਰੇ
ਗਾਂਧੀਨਗਰ (ਗੁਜਰਾਤ): ਗੁਜਰਾਤ ਵਿੱਚ ਹੋਏ 69ਵੇਂ ਫਿਲਮਫੇਅਰ ਐਵਾਰਡ ਸਮਾਰੋਹ ਦੌਰਾਨ ਫੈਸ਼ਨ ਡਿਜ਼ਾਈਨਰ ਸ਼ਾਂਤਨੂ ਤੇ ਨਿਖਿਲ ਦੇ ਸ਼ੋਅ ਦੌਰਾਨ ਅਦਾਕਾਰ ਜਾਹਨਵੀ ਕਪੂਰ ਨੇ ਸ਼ੋਅਸਟੌਪਰ ਵਜੋਂ ਸ਼ਮੂਲੀਅਤ ਕੀਤੀ। ਅਦਾਕਾਰਾ ਨੇ ਕਾਲੇ ਰੰਗ ਦੀ ਪੁਸ਼ਾਕ ਪਾਈ ਹੋਈ ਸੀ ਜਿਸ ’ਤੇ ਨੈੱਟ ਦੀਆਂ ਬਾਹਵਾਂ ਤੇ ਫਬਵੀਂ ਬੈਲਟ ਲੱਗੀ ਹੋਈ ਸੀ। ਇਸ ਸ਼ੋਅ ਦੀ ਮੇਜ਼ਬਾਨੀ ਕਰਿਸ਼ਮਾ ਤੰਨਾ ਤੇ ਅਪਾਰਸ਼ਕਤੀ ਖੁਰਾਨਾ ਨੇ ਕੀਤੀ। ਸ਼ੋਅ ਦੌਰਾਨ ਪ੍ਰਿਥਵੀ ਗੋਹਿਲ ਦੇ ਸੰਗੀਤ ਨੇ ਸਭ ਨੂੰ ਮੰਤਰਮੁਗਧ ਕਰੀ ਰੱਖਿਆ। ਇਸ ਮੌਕੇ ਨੁਸਰਤ ਭਰੂਚਾ ਨੇ ਕਾਲੇ ਰੰਗ ਦਾ ਨੈੱਟ ਵਾਲਾ ਗਾਊਨ ਪਾਇਆ ਹੋਇਆ ਸੀ ਜਦਕਿ ਜ਼ਰੀਨ ਖ਼ਾਨ ਅਨਾਰਕਲੀ ਸੂਟ ਵਿੱਚ ਨਜ਼ਰ ਆਈ।
ਫਿਲਮ ਨਿਰਮਾਤਾ ਕਰਨ ਜੌਹਰ ਵੀ ਕਾਲੇ ਤੇ ਸੁਨਹਿਰੀ ਰੰਗ ਦੇ ਸੂਟ ਵਿੱਚ ਸਭ ਦਾ ਧਿਆਨ ਖਿੱਚ ਰਿਹਾ ਸੀ। ਇਸੇ ਤਰ੍ਹਾਂ ਇਸ਼ਾ ਤਲਵਾਰ ਨੇ ਸਫ਼ੇਦ ਰੰਗ ਦਾ ਗਾਊਨ ਪਹਿਨਿਆ ਹੋਇਆ ਸੀ ਜਿਸ ਉੱਪਰ ਫੁੱਲ ਲੱਗਿਆ ਹੋਇਆ ਸੀ। ਇਸ ਮੌਕੇ ਰੈੱਡ ਕਾਰਪੈੱਟ ’ਤੇ ਸ਼ਾਲੀਨਾ ਨਥਾਨੀ, ਗਾਇਕ ਪ੍ਰਿਥਵੀ ਗੋਹਿਲ, ਸੋਨਲ ਕੁਕਰੇਜਾ, ਨੇਹਲ ਚੁਡਾਸਮਾ ਤੇ ਮਾਨਸੀ ਪਾਰੇਖ ਦਿਖਾਈ ਦਿੱਤੇ। ਇਸ ਐਵਾਰਡ ਸਮਾਗਮ ਦੌਰਾਨ ਫਿਲਮ ‘ਸਾਮ ਬਹਾਦਰ’ ਨੇ ਤਕਨੀਕੀ ਵਰਗ ਵਿੱਚ ਤਿੰਨ ਐਵਾਰਡ, ਜਦਕਿ ‘ਜਵਾਨ’ ਨੇ ਸਰਵੋਤਮ ਸਪੈਸ਼ਲ ਇਫੈਕਟਸ (ਵਿਜ਼ੂਅਲ) ਤੇ ਸਰਵੋਤਮ ਐਕਸ਼ਨ ਦਾ ਐਵਾਰਡ ਹਾਸਲ ਕੀਤਾ। -ਏਐੱਨਆਈ