ਲੰਡਨ, 28 ਜਨਵਰੀ
ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਬਾਰੇ ਜਾਣਕਾਰੀ ਦੇਣ ਲਈ ਯੂਕੇ ਦੇ ਇਕ ਅਜਾਇਬਘਰ ਨੂੰ ‘ਨੈਸ਼ਨਲ ਲਾਟਰੀ ਹੈਰੀਟੇਜ ਫੰਡ’ (ਕੌਮੀ ਵਿਰਾਸਤੀ ਫੰਡ) ਵੱਲੋਂ ਦੋ ਲੱਖ ਪਾਊਂਡ ਦੀ ਗਰਾਂਟ ਦਿੱਤੀ ਗਈ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਨੌਰਫੌਕ ਥੈੱਟਫੋਰਡ ਸਥਿਤ ਅਜਾਇਬਘਰ ਨੂੰ ਇਹ ਰਾਸ਼ੀ ਇਸ ਦੀ 100ਵੀਂ ਵਰ੍ਹੇਗੰਢ ਮੌਕੇ ਮਿਲੀ ਹੈ। ਇਸ ਅਜਾਇਬਘਰ ਦੀ ਸਥਾਪਨਾ 1924 ਵਿਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਰਾਜਕੁਮਾਰ ਫਰੈੱਡਰਿਕ ਦਲੀਪ ਸਿੰਘ ਨੇ ਕੀਤੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 1,98,059 ਪਾਊਂਡ ਦੀ ਰਾਸ਼ੀ ਪਰਿਵਾਰ ਦੀ ਕਹਾਣੀ ਬਿਆਨਣ ’ਤੇ ਖ਼ਰਚ ਕੀਤੀ ਜਾਵੇਗੀ ਜਿਸ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ, ਸਿੱਖ ਰਾਜ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ। ਪਿਤਾ ਤੇ ਭਰਾ ਦੀ ਮੌਤ ਮਗਰੋਂ ਦਲੀਪ ਸਿੰਘ ਪੰਜ ਸਾਲ ਦੀ ਉਮਰ ਵਿਚ ਹੀ ਸਿੱਖ ਰਾਜ ਦੇ ਸ਼ਾਸਕ ਬਣ ਗਏ ਸਨ ਪਰ 1849 ਵਿਚ ਬਰਤਾਨੀਆ ਨੇ ਪੰਜਾਬ ਦੇ ਰਲੇਵੇਂ ਮਗਰੋਂ ਉਨ੍ਹਾਂ ਨੂੰ ਗੱਦੀ ਤੋਂ ਲਾਹ ਦਿੱਤਾ ਸੀ। ਪੰਦਰਾਂ ਸਾਲ ਦੀ ਉਮਰ ਵਿਚ ਦਲੀਪ ਸਿੰਘ ਬਰਤਾਨੀਆ ਪਹੁੰਚੇ ਸਨ ਤੇ ਮਗਰੋਂ ਸਫੌਕ ’ਚ ਐਲਵੀਡਨ ਹਾਲ ਵਿਚ ਆਪਣਾ ਘਰ ਬਣਾਇਆ। ਅਗਲੇ ਕਈ ਸਾਲਾਂ ਤੱਕ ਉਨ੍ਹਾਂ ਦਾ ਪਰਿਵਾਰ ਇਸੇ ਇਲਾਕੇ ਵਿਚ ਰਿਹਾ। ਦਲੀਪ ਸਿੰਘ ਦੇ ਦੂਜੇ ਪੁੱਤਰ ਰਾਜਕੁਮਾਰ ਫਰੈੱਡਰਿਕ ਨੇ ਕਸਬੇ ਦੇ ਲੋਕਾਂ ਨੂੰ ‘ਥੈੱਟਫੋਰਡ ਐਂਸ਼ੀਐਂਟ ਹਾਊਸ ਮਿਊਜ਼ੀਅਮ’ ਦਾਨ ਵਿਚ ਦਿੱਤਾ ਸੀ। ਲਾਟਰੀ ਹੈਰੀਟੇਜ ਫੰਡ ਦੇ ਇੰਗਲੈਂਡ ਤੇ ਮਿਡਲੈਂਡਜ਼ ਲਈ ਡਾਇਰੈਕਟਰ ਨੇ ਕਿਹਾ ਕਿ ਅਜਾਇਬਘਰ ਹੁਣ ਦਲੀਪ ਸਿੰਘ ਦੇ ਪਰਿਵਾਰ ਦੇ ਦਿਲਚਸਪ ਇਤਿਹਾਸ ਨੂੰ ਪ੍ਰਦਰਸ਼ਿਤ ਕਰਨ ਲਈ ਦੋ ਸਾਲਾਂ ਦਾ ਪ੍ਰਾਜੈਕਟ ਸ਼ੁਰੂ ਕਰ ਰਿਹਾ ਹੈ। ਨੌਰਫੌਕ ਕਾਊਂਟੀ ਕੌਂਸਲ ਨੇ ਕਿਹਾ ਕਿ ਪ੍ਰਦਰਸ਼ਨੀਆਂ ਵਿਚ ਐਂਗਲੋ-ਪੰਜਾਬ ਇਤਿਹਾਸ ਨੂੰ ਦਰਸਾਇਆ ਜਾਵੇਗਾ। ਇਸ ਤੋਂ ਇਲਾਵਾ ਪਰਿਵਾਰ ਦੇ ਯੋਗਦਾਨ ਤੇ ਹੋਰਾਂ ਉੱਦਮਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਅਜਾਇਬਘਰ ਵਿਚ ਪਰਿਵਾਰ ਦੀਆਂ ਕੁਝ ਚੀਜ਼ਾਂ ਜਿਨ੍ਹਾਂ ਵਿਚ ਦਲੀਪ ਸਿੰਘ ਦੀ ‘ਵਾਕਿੰਗ ਸਟਿੱਕ’ ਵੀ ਸ਼ਾਮਲ ਹੈ, ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ‘ਸਟਿੱਕ’ ਬਰਤਾਨੀਆ ਦੇ ਮਹਾਰਾਜਾ ਐਡਵਰਡ ਸੱਤਵੇਂ ਨੇ ਉਸ ਵੇਲੇ ਦਿੱਤੀ ਸੀ ਜਦ ਉਹ ਵੇਲਜ਼ ਦੇ ਸ਼ਹਿਜ਼ਾਦੇ ਸਨ। -ਪੀਟੀਆਈ