ਸਿਲੀਗੁੜੀ (ਪੱਛਮੀ ਬੰਗਾਲ), 28 ਜਨਵਰੀ
ਲੋਕ ਸਭਾ ਚੋਣਾਂ ਲਈ ਬੰਗਾਲ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ‘ਇੰਡੀਆ’ ਗੱਠਜੋੜ ਵਿੱਚ ਪੈਦਾ ਹੋਏ ਵਖਰੇਵੇਂ ਦਰਮਿਆਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਬੰਗਾਲ ਅਤੇ ਬੰਗਾਲੀਆਂ ਨੂੰ ਦੇਸ਼ ਵਿੱਚ ਵਧ ਰਹੇ ਅਨਿਆਂ ਖ਼ਿਲਾਫ਼ ਲੜਾਈ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ। ਹਾਲਾਂਕਿ ਗਾਂਧੀ ਨੇ ਇਸ ਦੌਰਾਨ ਸਿੱਧੇ ਤੌਰ ’ਤੇ ਕਿਸੇ ਸਿਆਸੀ ਪਾਰਟੀ ਦਾ ਨਾਮ ਨਹੀਂ ਲਿਆ ਪਰ ਫਿਰ ਵੀ ਟੀਐੱਮਸੀ ਤੇ ਭਾਜਪਾ ਨੇ ਉਨ੍ਹਾਂ ਦੀਆਂ ਟਿੱਪਣੀਆਂ ਦਾ ਮੋੜਵਾਂ ਜਵਾਬ ਦਿੱਤਾ।
ਉੱਤਰੀ ਬੰਗਾਲ ਵਿੱਚ ਚੱਲ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਗਾਂਧੀ ਦਾ ਇਹ ਬਿਆਨ ਸੂਬੇ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਬੈਨਰਜੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਅਗਾਮੀ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਪੱਛਮੀ ਬੰਗਾਲ ਵਿੱਚ ਹੋਏ ਨਿੱਘੇ ਸਵਾਗਤ ਲਈ ਧੰਨਵਾਦ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਬੰਗਾਲ ਦਾ ਇਕ ਵਿਸ਼ੇਸ਼ ਦਰਜਾ ਹੈ। ਆਜ਼ਾਦੀ ਸੰਗਰਾਮ ਦੌਰਾਨ ਬੰਗਾਲ ਨੇ ਇਕ ਵਿਚਾਰਧਾਰਕ ਲੜਾਈ ਦੀ ਅਗਵਾਈ ਕੀਤੀ ਸੀ। ਇਹ ਬੰਗਾਲ ਤੇ ਬੰਗਾਲੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਦੇਸ਼ ਵਿੱਚ ਮੌਜੂਦਾ ਹਾਲਾਤ ’ਚ ਅਨਿਆਂ ਦੇ ਟਾਕਰੇ, ਏਕਤਾ ਦੇ ਪਸਾਰ ਅਤੇ ਨਫ਼ਰਤ ਦੇ ਖ਼ਾਤਮੇ ਲਈ ਲੜਾਈ ਦੀ ਅਗਵਾਈ ਕਰਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਜੇਕਰ ਤੁਸੀਂ ਅਜਿਹੇ ਮੌਕੇ ਵੀ ਨਹੀਂ ਉੱਠਦੇ ਤਾਂ ਲੋਕ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ। ਇਹ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਹੈ ਬਲਕਿ ਇਹ ਬੰਗਾਲ ਦੀ ਗੱਲ ਹੈ।’’ ਹਾਲਾਂਕਿ ਗਾਂਧੀ ਨੇ ਸਿੱਧੇ ਤੌਰ ’ਤੇ ਕਿਸੇ ਸਿਆਸੀ ਪਾਰਟੀ ਦਾ ਨਾਮ ਨਹੀਂ ਲਿਆ ਪਰ ਫਿਰ ਵੀ ਟੀਐੱਮਸੀ ਤੇ ਹੋਰ ਸਿਆਸੀ ਪਾਰਟੀਆਂ ਨੇ ਉਨ੍ਹਾਂ ਦੀਆਂ ਟਿੱਪਣੀਆਂ ਦਾ ਮੋੜਵਾਂ ਜਵਾਬ ਦਿੱਤਾ।
ਤ੍ਰਿਣਮੂਲ ਕਾਂਗਰਸ ਦੇ ਤਰਜਮਾਨ ਸ਼ਾਂਤਨੂ ਸੇਨ ਨੇ ਕਿਹਾ, ‘‘ਹਾਂ, ਉਹ ਠੀਕ ਕਹਿ ਰਹੇ ਹਨ ਕਿ ਸਾਰੇ ਪ੍ਰਮੁੱਖ ਅੰਦੋਲਨਾਂ ਵਿੱਚ ਬੰਗਾਲ ਮੂਹਰੇ ਰਿਹਾ ਹੈ। ਸਾਲ 2021 ਵਿੱਚ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਮਮਤਾ ਬੈਨਰਜੀ ਹੀ ਸੀ ਜਿਸ ਨੇ ਭਾਜਪਾ ਦੀ ਗਤੀ ਨੂੰ ਰੋਕਿਆ ਸੀ ਅਤੇ ਵਿਰੋਧੀ ਗੱਠਜੋੜ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ, ਉਹ ਬੰਗਾਲ ਕਾਂਗਰਸ ਦੀ ਲੀਡਰਸ਼ਿਪ ਸੀ ਜਿਸ ਨੇ ਸੂਬੇ ਵਿੱਚ ਭਗਵਾਂ ਖੇਮੇ ਨਾਲ ਸਮਝੌਤਾ ਕੀਤਾ ਸੀ।’’ ਉਧਰ ਭਾਜਪਾ ਦੇ ਸੂਬਾਈ ਤਰਜਮਾਨ ਨੇ ਗਾਂਧੀ ਦੀਆਂ ਟਿੱਪਣੀਆਂ ਨੂੰ ਵੰਡ ਪਾਉਣ ਵਾਲੀਆਂ ਦੱਸਦਿਆਂ, ਉਨ੍ਹਾਂ ਦੀ ਆਲੋਚਨਾ ਕੀਤੀ। -ਪੀਟੀਆਈ
ਜਾਤੀ ਜਨਗਣਨਾ ਕਰਵਾਉਣ ਦਾ ਐਲਾਨ ਨਿਆਂ ਦੀ ਦਿਸ਼ਾ ਵੱਲ ਪਹਿਲਾ ਕਦਮ: ਰਾਹੁਲ
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਜਾਤੀ ਜਨਗਣਨਾ ਕਰਵਾਉਣ ਦਾ ਐਲਾਨ ਕਰਨ ਲਈ ਵਧਾਈ ਦਿੱਤੀ ਅਤੇ ਇਸ ਨੂੰ ‘ਨਿਆਂ ਵੱਲ ਪਹਿਲਾਂ ਕਦਮ’ ਕਰਾਰ ਦਿੱਤਾ। ਰਾਹੁਲ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਸਮਾਜ ਦੇ ਹਰ ਵਰਗ ਦੀ ਬਰਾਬਰ ਹਿੱਸੇਦਾਰੀ ਯਕੀਨੀ ਬਣਾਉਣ ਦਾ ਇਕਲੌਤਾ ਢੰਗ ਜਾਤੀ ਆਧਾਰਿਤ ਜਨਗਣਨਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਕਸ ’ਤੇ ਕਿਹਾ, ‘‘ਜਾਤੀ ਜਨਗਣਨਾ ਨਿਆਂ ਦੀ ਪਹਿਲੀ ਪੌੜੀ ਹੈ ਕਿਉਂਕਿ ਕਿਸੇ ਵੀ ਸਮਾਜ ਦੀ ਸਮਾਜਿਕ ਅਤੇ ਆਰਥਿਕ ਸਿਹਤ ਜਾਣੇ ਬਿਨਾਂ ਉਸ ਲਈ ਸਹੀ ਯੋਜਨਾਵਾਂ ਬਣਾ ਸਕਣਾ ਅਸੰਭਵ ਹੈ। ਜਾਤੀ ਜਨਗਣਨਾ ਹੀ ਦੇਸ਼ ਦੇ ਵਿਕਾਸ ਵਿੱਚ ਸਮਾਜ ਦੇ ਹਰ ਤਬਕੇ ਦੀ ਨਿਆਂਪੂਰਨ ਸ਼ਮੂਲੀਅਤ ਯਕੀਨੀ ਬਣਾਉਣ ਦਾ ਉਪਾਅ ਹੈ।’’ ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਰੇਵੰਤ ਰੈੱਡੀ ਅਤੇ ਤਿਲੰਗਾਨਾ ਸਰਕਾਰ ਨੂੰ ਨਿਆਂ ਦੀ ਦਿਸ਼ਾ ਵਿੱਚ ਪਹਿਲਾਂ ਕਦਮ ਵਧਾਉਣ ’ਤੇ ਵਧਾਈ।’’ -ਪੀਟੀਆਈ