ਪੱਤਰ ਪ੍ਰੇਰਕ
ਚੰਡੀਗੜ੍ਹ, 29 ਜਨਵਰੀ
ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ, ਜਿਸ ਸਬੰਧੀ ਗਰੈਜੂਏਟ ਕਾਂਸਟੀਚੁਐਂਸੀ ਦੀਆਂ ਨਵੀਆਂ ਵੋਟਾਂ ਬਣਾਉਣ ਦਾ ਫਾਰਮ ਵੀ ਯੂਨੀਵਰਸਿਟੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਦੀ ਟੀਚਰਜ਼ ਕਾਂਸਟੀਚੁਐਂਸੀ ਵਿੱਚੋਂ ਪਿਛਲੀ ਵਾਰ ਜਿੱਤ ਹਾਸਲ ਕਰਨ ਵਾਲੇ ਉਮੀਦਵਾਰ ਪ੍ਰੋ. ਤਰੁਣ ਘਈ ਨੇ ਚਾਂਸਲਰ ਜਗਦੀਪ ਧਨਖੜ ਜਿਹੜੇ ਕਿ ਦੇਸ਼ ਦੇ ਉਪ-ਰਾਸ਼ਟਰਪਤੀ ਵੀ ਹਨ, ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਨੇਟ ਚੋਣਾਂ ਵਿੱਚ ਵੀ ਚੋਣ ਜ਼ਾਬਤਾ ਲਗਾਇਆ ਜਾਣਾ ਚਾਹੀਦਾ ਹੈ। ਚਾਂਸਲਰ ਨੂੰ ਲਿਖੇ ਪੱਤਰ ਵਿੱਚ ਪ੍ਰੋ. ਘਈ ਨੇ ਕਿਹਾ ਕਿ ਲੋਕ ਸਭਾ, ਵਿਧਾਨ ਸਭਾ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਊਂਸਲ ਚੋਣਾਂ ਦੀ ਤਰਜ਼ ’ਤੇ ਸੈਨੇਟ ਚੋਣਾਂ ਵਿੱਚ ਵੀ ਚੋਣ ਜ਼ਾਬਤਾ ਲਗਾਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਚੋਣ ਵਾਲੇ ਸਾਲ ਵਿੱਚ ਸੈਨੇਟਰਾਂ ਦੀਆਂ ਫਲਾਇੰਗ ਸਕੁਐਡ ਡਿਊਟੀਆਂ, ਇੰਸਪੈਕਸ਼ਨ ਕਮੇਟੀਆਂ ਦੇ ਮੈਂਬਰਾਂ ਵਜੋਂ ਡਿਊਟੀਆਂ ਅਤੇ ਸਿਲੈਕਸ਼ਨ ਪੈਨਲਾਂ ਦੇ ਮੈਂਬਰ ਵਜੋਂ ਡਿਊਟੀਆਂ ’ਤੇ ਰੋਕ ਲੱਗਣੀ ਚਾਹੀਦੀ ਹੈ।