ਵਾਸ਼ਿੰਗਟਨ, 30 ਜਨਵਰੀ
ਜੌਰਡਨ ਵਿਚ ਇਕ ਡਰੋਨ ਹਮਲੇ ’ਚ ਤਿੰਨ ਅਮਰੀਕੀ ਸੈਨਿਕਾਂ ਦੀ ਮੌਤ ਤੋਂ ਇਕ ਦਿਨ ਬਾਅਦ ‘ਵ੍ਹਾਈਟ ਹਾਊਸ’ ਨੇ ਅੱਜ ਕਿਹਾ ਕਿ ਅਮਰੀਕਾ ਇਕ ਹੋਰ ਜੰਗ ਨਹੀਂ ਚਾਹੁੰਦਾ ਜਾਂ ਤਣਾਅ ਨੂੰ ਵਧਾਉਣਾ ਨਹੀਂ ਚਾਹੁੰਦਾ ਪਰ ਖੇਤਰ ਵਿਚ ਆਪਣੀ ਰੱਖਿਆ ਲਈ ਉਸ ਨੂੰ ਜੋ ਵੀ ਕਰਨ ਦੀ ਲੋੜ ਹੋਵੇਗੀ, ਉਹ ਯਕੀਨੀ ਤੌਰ ’ਤੇ ਉਹ ਸਭ ਕਰੇਗਾ। ਵ੍ਹਾਈਟ ਹਾਊਸ ਦੀ ਕੌਮੀ ਸੁਰੱਖਿਆ ਪਰਿਸ਼ਦ ਵਿਚ ਰਣਨੀਤਕ ਸੰਚਾਰ ਦੇ ਕੋਆਰਡੀਨੇਟਰ ਜੌਹਨ ਕਿਰਬੀ ਨੇ ਇੱਥੇ ਮੀਡੀਆ ਨੂੰ ਕਿਹਾ ਕਿ ਹਮਲੇ ਵਿਚ 30 ਤੋਂ ਵੱਧ ਅਮਰੀਕੀ ਸੈਨਿਕ ਫੱਟੜ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਹ ਸੈਨਿਕ ਖੇਤਰ ਵਿਚ ਇਕ ਮਹੱਤਵਪੂਰਨ ਮਿਸ਼ਨ ਦਾ ਹਿੱਸਾ ਸਨ ਜਿਸ ਦਾ ਮੰਤਵ ਆਈਐੱਸਆਈਐੱਸ ਦਾ ਮੁਕਾਬਲਾ ਕਰਨ ਲਈ ਭਾਈਵਾਲਾਂ ਨਾਲ ਕੰਮ ਕਰਨਾ ਹੈ। -ਪੀਟੀਆਈ