ਮੇਜਰ ਸਿੰਘ ਮੱਟਰਾਂ
1980ਵਿਆਂ ਦੌਰਾਨ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਕੰਮ ਕਰਦੇ ਸੀ। ਵਿਦਿਆਰਥੀਆਂ ਦੇ ਹਿਤਾਂ ਲਈ ਸੰਘਰਸ਼ ਦੌਰਾਨ ਪੁਲੀਸ ਨਾਲ ਅਕਸਰ ਤਕਰਾਰ ਤੇ ਟਕਰਾਅ ਚੱਲਦਾ ਰਹਿੰਦਾ। ਇਸੇ ਦੌਰਾਨ ਸਾਡੇ ਉਤੇ ਪਰਚੇ ਵੀ ਦਰਜ ਹੁੰਦੇ ਰਹਿੰਦੇ ਸਨ।
ਜੁਲਾਈ 1989 ਦੀ ਰਾਤ ਨੂੰ ਮੇਰੇ ਸਮੇਤ ਨਵਦੀਪ ਸਿੰਘ ਬਿੱਟੂ, ਹਰਤੇਜ ਸਿੰਘ ਮਹਿਤਾ, ਦਵਿੰਦਰ ਸਿੰਘ ਬੋਹਾ, ਨਾਜਮ ਸਿੰਘ ਮਹਿਤਾ ਪਿੰਡ ਮਹਿਤਾ (ਬਠਿੰਡਾ) ਵਿਚ ਹਰਤੇਜ ਸਿੰਘ ਮਹਿਤਾ ਦੇ ਘਰ ਕੋਠੇ ਉਪਰ ਪਏ ਸੀ। ਅੱਧੀ ਰਾਤ ਨੂੰ ਅਚਾਨਕ ਬਠਿੰਡਾ ਪੁਲੀਸ ਦੀ ਧਾੜ ਨੇ ਛਾਪਾ ਮਾਰ ਕੇ ਹਰਤੇਜ ਦੇ ਵੱਡੇ ਭਰਾ ਗੁਰਤੇਜ ਸਿੰਘ ਸਮੇਤ ਸਾਨੂੰ ਸਭ ਨੂੰ ਗ੍ਰਿਫ਼ਤਾਰ ਕਰ ਕੇ ਸੰਗਤ ਮੰਡੀ ਦੇ ਥਾਣੇ ਡੱਕ ਦਿੱਤਾ।
ਅਗਲੇ ਦਿਨ ਸਵੇਰੇ ਹੀ ਇੰਸਪੈਕਟਰ ਅਤੇ ਪੁਲੀਸ ਮੁਲਾਜ਼ਮਾਂ ਨੇ ਮੈਨੂੰ, ਹਰਤੇਜ ਸਿੰਘ ਅਤੇ ਨਵਦੀਪ ਸਿੰਘ ਬਿੱਟੂ ਨੂੰ ਤਸੀਹੇ ਦਿੱਤੇ, ਜਦੋਂ ਤੱਕ ਅਸੀਂ ਨੀਮ ਬੇਹੋਸ਼ ਨਾ ਹੋ ਗਏ। ਇਹ ਵਰਤਾਰਾ ਦੋ ਦਿਨ ਚਲਦਾ ਰਿਹਾ। ਇਸ ਦੌਰਾਨ ਪੁਲੀਸ ਸਾਥੋਂ ਪੰਜਾਬ ਅੰਦਰ ਚੱਲ ਰਹੀ ਇਨਕਲਾਬੀ ਵਿਦਿਆਰਥੀ ਅਤੇ ਖਾੜਕੂ ਲਹਿਰ ਸਬੰਧੀ ਸਵਾਲ ਪੁੱਛਦੀ ਰਹੀ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਕਰਦੀ ਰਹੀ। ਉਂਝ, ਬੇਅੰਤ ਕੁੱਟਮਾਰ ਦੇ ਬਾਵਜੂਦ ਪੁਲੀਸ ਨੂੰ ਸਾਡੇ ਕੋਲੋਂ ਕੱਖ ਵੀ ਹੱਥ ਪੱਲੇ ਨਹੀਂ ਪਿਆ। ਹਫ਼ਤੇ ਬਾਅਦ ਮੇਰੇ ਅਤੇ ਬਿੱਟੂ ਤੋਂ ਬਿਨਾ ਬਾਕੀ ਸਾਰੇ ਛੱਡ ਦਿੱਤੇ। ਸਾਨੂੰ ਦੋਵਾਂ ਨੂੰ ਸਾਡੇ ਉਪਰ ਪਾਏ ਬਗ਼ਾਵਤ ਦੇ ਕੇਸ ਵਿਚ ਬਠਿੰਡਾ ਕੋਤਵਾਲੀ ਦੀ ਪੁਲੀਸ ਹਵਾਲੇ ਕਰ ਦਿੱਤਾ। 9ਵੇਂ ਦਿਨ ਪੁਲੀਸ ਨੇ ਬਠਿੰਡਾ ਕੋਰਟ ਵਿਚ ਪੇਸ਼ ਕੀਤਾ। ਪੇਸ਼ੀ ’ਤੇ ਜਾਂਦਿਆਂ ਹੀ ਅਸੀਂ ਪੁਲੀਸ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਜ਼ੁਲਮ ਦਾ ਜਵਾਬ ਰੋਹਲੀ ਆਵਾਜ਼ ਉਚੀ ਕਰ ਕੇ ਦਿੱਤਾ। ਸੈਂਕੜੇ ਵਿਦਿਅਰਥੀ ਵੀ ਅਦਾਲਤ ਵਿੱਚ ਸਾਡੇ ਹੱਕ ਵਿਚ ਨਾਅਰੇ ਲਾ ਰਹੇ ਸਨ। ਜੱਜ ਨੇ ਦੋ ਦਿਨ ਦਾ ਹੋਰ ਪੁਲੀਸ ਰਿਮਾਂਡ ਦੇ ਦਿੱਤਾ। ਦੋ ਦਿਨਾਂ ਬਾਅਦ ਸਾਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ। 20 ਕੁ ਦਿਨ ਬਾਅਦ ਅਸੀਂ ਜ਼ਮਾਨਤ ’ਤੇ ਬਾਹਰ ਆਏ।
ਥਾਣੇ ਦੀਆਂ ਅਨੋਖੀਆਂ ਯਾਦਾਂ ਚੇਤੇ ਵਿਚ ਵਾਰ ਵਾਰ ਉੱਭਰ ਆਉਂਦੀਆਂ ਹਨ। ਥਾਣੇ ਵਿੱਚ ਜਿੱਥੇ ਪੁਲੀਸ ਨੇ ਬੁਰੀ ਤਰ੍ਹਾਂ ਤਸੀਹੇ ਦਿੱਤੇ, ਉੱਥੇ ਵਧੀਆ ਮਿਸਾਲਾਂ ਵੀ ਮਿਲੀਆਂ। ਇੱਕ ਸਿਪਾਹੀ ਜੋ ਮਲੇਰਕੋਟਲਾ ਤੋਂ ਸੀ, ਤਸੀਹੇ ਦੇਣ ਸਮੇਂ ਛੁੱਟੀ ’ਤੇ ਸੀ। ਇੱਕ ਦਿਨ ਉਸ ਦੀ ਸੰਤਰੀ ਵਾਲੀ ਡਿਊਟੀ ਸੀ। ਥਾਣੇ ਵਿਚ ਸਿਰਫ ਚਾਰ ਕੁ ਮੁਲਾਜ਼ਮ ਸਨ। ਸਾਡੇ ਨਾਲ ਗੱਲਾਂ ਬਾਤਾਂ ਕਰਦਿਆਂ ਉਸ ਨਾਲ ਰਣਬੀਰ ਕਾਲਜ ਸੰਗਰੂਰ ਦੀ ਸਾਂਝ ਨਿੱਕਲ ਆਈ। ਬੱਸ ਫਿਰ ਉਸ ਨੇ ਪੁਲੀਸ ਡਿਊਟੀ ਦੀ ਪ੍ਰਵਾਹ ਨਾ ਕਰਦਿਆਂ ਸਾਨੂੰ ਬੈਰਕ ਵਿਚੋਂ ਬਾਹਰ ਕੱਢ ਕੇ ਇੱਕ ਹਫ਼ਤੇ ਬਾਅਦ ਨੁਹਾਇਆ, ਤੇਲ ਨਾਲ ਸਰੀਰ ਦੀ ਮਾਲਿਸ਼ ਕਰਵਾਈ, ਕੱਪੜੇ ਧੁਆਏ ਅਤੇ ਦੋ ਕਿੱਲੋ ਗਰਮ ਦੁੱਧ ਪਿਲਾਇਆ। ਜਦੋਂ ਸਾਨੂੰ ਬਠਿੰਡਾ ਪੁਲੀਸ ਲੈ ਕੇ ਗਈ ਤਾਂ ਕੁਝ ਪੈਸੇ ਵੀ ਉਸ ਨੇ ਮੇਰੀ ਜੇਬ ’ਚ ਪਾਏ ਅਤੇ ਸਲਾਮ ਕੀਤੀ। ਮਨੁੱਖੀ ਅਹਿਸਾਸ ਨਾਲ ਭਰੀ ਇਹ ਯਾਦ ਮੈਨੂੰ ਅੱਜ ਵੀ ਰਹਿ ਰਹਿ ਕੇ ਚੇਤੇ ਆਉਂਦੀ ਹੈ।
ਨੇੜਲੇ ਪਿੰਡ ਫੂਲੋ ਮਿੱਠੀ ਦਾ ਇੱਕ ਕਿਸਾਨ ਕਤਲ ਕੇਸ ਵਿਚ ਥਾਣੇ ਬੰਦ ਸੀ। ਸਾਡੇ ਉੱਤੇ ਵਾਪਰਿਆ ਪੁਲੀਸ ਕਹਿਰ ਉਸ ਨੇ ਅੱਖੀਂ ਦੇਖਿਆ। ਕਹਿਰ ਤੋਂ ਬਾਅਦ ਅਸੀਂ ਖਾਣਾਂ ਖਾਧਾ ਪਰ ਉਸ ਨੇ ਨਹੀਂ ਖਾਧਾ। ਸਾਡੇ ਜ਼ੋਰ ਪਾਉਣ ’ਤੇ ਵੀ ਉਸ ਨੇ ਕਿਹਾ, “ਅੱਜ ਰੋਟੀ ਮੇਰੇ ਅੰਦਰ ਨਹੀਂ ਲੰਘਦੀ।” ਅਸੀਂ ਉਹਨੂੰ ਗੁਰੂਆਂ ਦੀਆਂ ਕੁਰਬਾਨੀਆਂ ਅਤੇ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੇ ਕਿੱਸ਼ੇ ਸੁਣਾਏ। ਉਸ ਨੇ ਬੱਸ ਇੰਨਾ ਹੀ ਕਿਹਾ, “ਤੁਸੀਂ ਧੰਨ ਹੋ, ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋ!” ਉਹ ਪੁਲੀਸ ਨੂੰ ਕੋਸਦਾ ਰਿਹਾ ਪਰ ਰੋਟੀ ਨਹੀਂ ਖਾਧੀ।
ਸੰਪਰਕ: 98142-07558